ਪੰਜਾਬ ਖੇਡ ਮੰਤਰੀ ਦਾ ਵੱਡਾ ਐਲਾਨ, ਪੰਜਾਬ ਹਾਕੀ ਖਿਡਾਰੀਆਂ ਨੂੰ ਮਿਲੇਗਾ 1-1 ਕਰੋੜ

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਪੰਜਾਬ ਖਿਡਾਰੀਆਂ ਨੂੰ 1-1 ਕਰੋੜ ਰੁਪਏ ਕੈਸ਼ ਅਵਾਰਡ ਦੇ ਰੂਪ ਵਿੱਚ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕਿਓ ਓਲੰਪਿਕ ਵਿੱਚ 41 ਸਾਲ ਦਾ ਇੰਤਜ਼ਾਰ ਖ਼ਤਮ ਕਰਦੇ ਹੋਏ ਜਰਮਨੀ ਖਿਲਾਫ਼ ਕਾਂਸੀ ਦਾ ਤਮਗ਼ਾ ਜਿੱਤ ਲਿਆ ਹੈ। ਇਸ ਇਤਿਹਾਸਿਕ ਜਿੱਤ ਮੌਕੇ ਦੇਸ਼ਭਰ ਵਿੱਚ ਵਧਾਈਆਂ ਦਾ ਸਿਲਸਿਲਾ ਜਾਰੀ ਹੈ।
ਅਜਿਹੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਨੇ ਖੁਸ਼ੀ ਦਾ ਜਸ਼ਨ ਮਨਾਉਂਦੇ ਹੋਏ ਪੰਜਾਬ ਟੀਮ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਟਵੀਟ ਕੀਤਾ ਕਿ, “ਭਾਰਤੀ ਹਾਕੀ ਟੀਮ ਦੇ ਇਸ ਇਤਿਹਾਸਿਕ ਦਿਨ ’ਤੇ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਟੀਮ ਦੇ ਪੰਜਾਬ ਪਲੇਅਰਸ ਨੂੰ 1 ਕਰੋੜ ਰੁਪਏ ਦਿੱਤੇ ਜਾਣਗੇ। ਸਾਨੂੰ ਉਹਨਾਂ ਦੀ ਵਾਪਸੀ ਦਾ ਇੰਤਜ਼ਾਰ ਹੈ ਤਾਂ ਕਿ ਉਹਨਾਂ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਸਕੇ।” ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟੀਮ ਨੂੰ ਵਧਾਈ ਦਿੱਤੀ ਸੀ। ਦੱਸ ਦਈਏ ਕਿ ਇਸ ਵੱਡੇ ਮੁਕਾਬਲੇ ਵਿੱਚ ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਇਆ ਹੈ। ਭਾਰਤ ਦੇ ਓਲੰਪਿਕ ਵਿੱਚ ਜਿੱਤੇ ਆਖਰੀ ਮੈਡਲ ਅਤੇ ਇਸ ਦੇ ਮੈਡਲ ਵਿਚਕਾਰ ਇਕ ਗੱਲ ਬਰਾਬਰ ਰਹੀ ਕਿ ਦੋਵੇਂ ਹੀ ਉਹਨਾਂ ਤੋਂ ਇਕ ਗੋਲ ਦੇ ਅੰਤਰ ਨਾਲ ਜਿੱਤੇ।
