ਪੰਜਾਬ ਕਾਂਗਰਸ ਕੱਲ੍ਹ ਮੁਹਾਲੀ ਤੋਂ ਲਖੀਮਪੁਰ ਤੱਕ ਕਰੇਗੀ ਮਾਰਚ

ਕਾਂਗਰਸੀ ਲੀਡਰਾਂ ਦੇ ਨਾਲ ਨਾਲ ਹੋਰਨਾਂ ਪਾਰਟੀਆਂ ਦੇ ਲੀਡਰ ਵੀ ਲਖੀਮਪੁਰ ਵੱਲ ਰੁਖ ਕਰ ਰਹੀਆਂ ਹਨ। ਇਸ ਦੇ ਨਾਲ ਹੀ ਹੁਣ ਪੰਜਾਬ ਕਾਂਗਰਸ ਕੱਲ੍ਹ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਮੁਹਾਲੀ ਤੋਂ ਲਖੀਮਪੁਰ ਖੀਰੀ ਤੱਕ ਮਾਰਚ ਕਰੇਗੀ। ਦੱਸ ਦਈਏ ਕਿ ਲਖੀਮਪੁਰ ਖੀਰੀ ‘ਚ ਤਿਕੁਨੀਆ ਹਿੰਸਾ ਮਾਮਲੇ ‘ਚ ਰਿਪੋਰਟ ਦਰਜ ਹੋਣ ਮਗਰੋਂ ਅੱਜ ਤੱਕ ਵੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

ਇਸ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਤੇ ਉਸ ਦੇ 20 ਅਣਪਛਾਤੇ ਸਾਥੀਆਂ ਖ਼ਿਲਾਫ਼ ਕਤਲ ਤੇ ਗੈਰ-ਇਰਾਦਤਨ ਹੱਤਿਆ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਭੀੜ ਦੇ ਰੂਪ ‘ਚ ਆਏ ਹਮਲਾਵਰਾਂ ਨੇ ਲਾਪ੍ਰਵਾਹੀ ਨਾਲ ਗੱਡੀ ਚੜ੍ਹਾ ਕੇ ਕਿਸਾਨਾਂ ਦੀ ਹੱਤਿਆ ਕਰ ਦਿੱਤੀ ਸੀ।
ਦੂਜੇ ਪਾਸੇ ਸੀਤਾਪੁਰ ‘ਚ ਗ੍ਰਿਫ਼ਤਾਰੀ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਪੀਏਸੀ ਗੈਸਟ ਹਾਊਸ ਤੋਂ ਫ਼ੋਨ ਰਾਹੀਂ ਆਪਣੇ ਵਰਕਰਾਂ ਨੂੰ ਸੰਬੋਧਨ ਕੀਤਾ। ਮੰਗਲਵਾਰ ਨੂੰ ਸਮਰਥਨ ‘ਚ ਮਸ਼ਾਲ ਜਲੂਸ ਵੀ ਕੱਢਿਆ ਗਿਆ। ਕਾਰਕੁਨਾਂ ਨੇ ਲਖੀਮਪੁਰ ਖੀਰੀ ‘ਚ ਕਿਸਾਨਾਂ ਨੂੰ ਕੁਚਲਣ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੇ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ।
ਪ੍ਰਿਯੰਕਾ ਗਾਂਧੀ ਨੇ ਗੈਸਟ ਹਾਊਸ ਬਾਹਰ ਇਕੱਠੇ ਹੋਏ ਸਮਰਥਕਾਂ ਨੂੰ ਫ਼ੋਨ ਰਾਹੀਂ ਸੰਬੋਧਨ ਕੀਤਾ ਤੇ ਯੂਪੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਗਾਂਧੀ ਲਖੀਮਪੁਰ ਖੀਰੀ ਹਿੰਸਾ ‘ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਹੇ ਸਨ, ਪਰ ਸੀਤਾਪੁਰ ‘ਚ ਉਨ੍ਹਾਂ ਨੂੰ ਰੋਕ ਲਿਆ ਗਿਆ।
ਪ੍ਰਿਯੰਕਾ ਖ਼ਿਲਾਫ਼ ਧਾਰਾ 144 ਦੀ ਉਲੰਘਣਾ ਤੇ ਸ਼ਾਂਤੀ ਭੰਗ ਹੋਣ ਦੀ ਸ਼ੰਕਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਿਯੰਕਾ ਗਾਂਧੀ ਵਾਡਰਾ, ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਤੇ ਯੂਪੀ ਕਾਂਗਰਸ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਸਮੇਤ 11 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
