ਪ੍ਰੈਸ ਕਾਨਫ਼ਰੰਸ ‘ਚ ਰੋਈ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ, ਸਿੱਧੂ ‘ਤੇ ਲਾਏ ਵੱਡੇ ਇਲਜ਼ਾਮ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੀਡਰਾਂ ਵੱਲੋਂ ਇਲਜ਼ਾਮਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਇਸ ਮਾਹੌਲ ਵਿੱਚ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਖਿਲਾਫ਼ ਖੁਦ ਉਹਨਾਂ ਦੀ ਭੈਣ ਸੁਮਨ ਤੂਰ ਸਾਹਮਣੇ ਆਈ ਹੈ। ਉਹਨਾਂ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਨਵਜੋਤ ਸਿੱਧੂ ਤੇ ਗੰਭੀਰ ਇਲਜ਼ਾਮ ਲਾਏ ਹਨ।

ਸੁਮਨ ਤੂਰ ਨੇ ਨਵਜੋਤ ਸਿੱਧੂ ਤੇ ਪਰਿਵਾਰ ਤੇ ਜ਼ਿਆਦਤੀ ਕਰਨ ਦੇ ਇਲਜ਼ਾਮ ਲਾਏ ਹਨ। ਉਹਨਾਂ ਕਿਹਾ ਕਿ 1986 ਵਿੱਚ ਸਿੱਧੂ ਨੇ ਮੇਰੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਬਾਅਦ ਵਿੱਚ 1989 ਵਿੱਚ ਰੇਲਵੇ ਸਟੇਸ਼ਨ ਤੇ ਮਾਂ ਦੀ ਲਾਸ਼ ਲਾਵਾਰਿਸ ਹਾਲਤ ਵਿੱਚ ਮਿਲੀ ਸੀ। ਉਹਨਾਂ ਕਿਹਾ ਕਿ ਸਿੱਧੂ ਨੇ ਪਿਤਾ ਦੇ ਘਰ ਤੇ ਕਬਜ਼ਾ ਕਰ ਲਿਆ ਸੀ। 1987 ਵਿੱਚ ਇੱਕ ਇੰਟਰਵਿਊ ਵਿੱਚ ਸਿੱਧੂ ਨੇ ਝੂਠ ਬੋਲਿਆ ਸੀ।
ਸਿੱਧੂ ਨੇ ਕਿਹਾ ਕਿ ਉਹ ਦੋ ਸਾਲ ਦੇ ਸਨ, ਜਦੋਂ ਮਾਂ-ਪਿਓ ਵੱਖ ਹੋ ਗਏ ਸਨ। ਉਹਨਾਂ ਕਿਹਾ ਕਿ, ਨਵਜੋਤ ਸਿੱਧੂ ਨੇ ਪੈਸੇ, ਜਾਇਦਾਦ ਲਈ ਪਰਿਵਾਰ ਨੂੰ ਬਰਬਾਦ ਕੀਤਾ ਹੈ। ਇੰਨਾ ਹੀ ਨਹੀਂ ਸਿੱਧੂ ਪਰਿਵਾਰ ਦੇ ਦੁੱਖ-ਸੁੱਖ ਵਿੱਚ ਕਦੇ ਸ਼ਾਮਲ ਨਹੀਂ ਹੋਇਆ।
ਸਿੱਧੂ ਦੀ ਭੈਣ ਨੇ ਦੱਸਿਆ ਕਿ ਉਹ 20 ਜਨਵਰੀ ਨੂੰ ਸਿੱਧੂ ਨੂੰ ਮਿਲਣ ਗਈ ਸੀ ਪਰ ਸਿੱਧੂ ਨੇ ਬੂਹੇ ਤੱਕ ਨਹੀਂ ਖੋਲ੍ਹੇ। ਇਸ ਤੋਂ ਬਾਅਦ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਉਹ ਸਿੱਧੂ ਦੀਆਂ ਭੈਣਾਂ ਨੂੰ ਨਹੀਂ ਜਾਣਦੇ।
