ਪ੍ਰਸ਼ਾਸਨ ਦੀ ਕਾਰਵਾਈ ਦੇ ਬਾਵਜੂਦ ਵੀ ਧੜੱਲੇ ਨਾਲ ਵਿਕ ਰਹੀ ਚੀਨੀ ਡੋਰ!

 ਪ੍ਰਸ਼ਾਸਨ ਦੀ ਕਾਰਵਾਈ ਦੇ ਬਾਵਜੂਦ ਵੀ ਧੜੱਲੇ ਨਾਲ ਵਿਕ ਰਹੀ ਚੀਨੀ ਡੋਰ!

ਲੋਹੜੀ ਤੇ ਮਾਘੀ ਦੇ ਮੌਕੇ ਪਤੰਗਾਂ ਤੇ ਡੋਰਾਂ ਦੀਆਂ ਦੁਕਾਨਾਂ ਤੇ ਕਾਫ਼ੀ ਭੀੜ ਲੱਗੀ ਹੋਈ ਹੈ। ਬੱਚੇ ਤੇ ਨੌਜਵਾਨ ਪਤੰਗਾਂ ਦੀਆਂ ਦੁਕਾਨਾਂ ਤੇ ਖਰੀਦਦਾਰੀ ਕਰ ਰਹੇ ਹਨ। ਇਸ ਵਾਰ 6 ਤੋਂ 7 ਫੁੱਟ ਤੱਕ ਦੇ ਵੱਡੇ ਪਤੰਗ ਆਏ ਹਨ, ਜਿਹਨਾਂ ਦੀ ਕੀਮਤ 200 ਤੋਂ ਲੈ ਕੇ 300 ਰੁਪਏ ਤੱਕ ਹੈ। ਇਸ ਤੋਂ ਇਲਾਵਾ 5 ਰੁਪਏ ਤੋਂ ਲੈ ਕੇ 100 ਰੁਪਏ ਤੱਕ ਕੀਮਤ ਤੇ ਪਤੰਗਾਂ ਦੀ ਵੀ ਕਾਫ਼ੀ ਵਿਕਰੀ ਹੋ ਰਹੀ ਹੈ।

ਪਲਾਸਟਿਕ ਦੀ ਡੋਰ ਨੂੰ ਭਾਵੇਂ ਸਰਕਾਰ ਵੱਲੋਂ ਬੈਨ ਕੀਤਾ ਹੋਇਆ ਪਰ ਲੋਹੜੀ ਤੋਂ ਪਹਿਲਾਂ ਇਸ ਦੀ ਵਿਕਰੀ ਧੜੱਲੇ ਨਾਲ ਜਾਰੀ ਹੈ। ਲੋਕ ਸ਼ਰੇਆਮ ਦੁਕਾਨਾਂ ਤੇ ਇਸ ਨੂੰ ਨਹੀਂ ਵੇਚ ਰਹੇ ਪਰ ਲੁੱਕ ਛੁੱਪ ਕੇ ਪਲਾਸਟਿਕ ਦੀ ਡੋਰ ਵੱਡੇ ਪੱਧਰ ਤੇ ਵੇਚੀ ਜਾ ਰਹੀ ਹੈ। ਜਿਹੜਾ ਡੋਰ ਦਾ ਗੱਟੂ 250 ਰੁਪਏ ਦਾ ਸੀ, ਉਹ ਦੁਕਾਨਦਾਰ 500 ਤੋਂ 600 ਰੁਪਏ ਵਿੱਚ ਵੇਚ ਰਹੇ ਸਨ।

ਨੌਜਵਾਨ ਵੀ ਦੇਸੀ ਡੋਰ ਲੈਣ ਦੀ ਬਜਾਏ ਪਲਾਸਟਿਕ ਦੀ ਡੋਰ ਨੂੰ ਪਹਿਲ ਦੇ ਰਹੇ ਹਨ। ਕੁਝ ਦੁਕਾਨਦਾਰ ਵਟਸਐਪ ਰਾਹੀਂ ਵੀ ਇਸ ਨੂੰ ਵੇਚ ਰਹੇ ਸਨ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਹੈ ਕਿ ਚੀਨੀ ਡੋਰ ਦਾ ਮੁਕੰਮਲ ਤੌਰ ਬਾਈਕਾਟ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ ਖਾਲਸਾ ਕਾਲਜ ਦੇ ਵਿਹੜੇ ਵਿੱਚ ਪਤੰਗ ਮੇਲਾ ਲਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਜੌਹਲ ਸ਼ਾਮਲ ਹੋਏ ਤੇ ਪਤੰਗਬਾਜ਼ੀ ਦਾ ਆਨੰਦ ਮਾਣਿਆ।

ਇਸ ਮੌਕੇ ਸੂਦਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਤਿਉਹਾਰ ਰਵਾਇਤੀ ਢੰਗ ਨਾਲ ਮਨਾਉਣੇ ਚਾਹੀਦੇ ਹਨ, ਲੋਹੜੀ ਨੂੰ ਖਾਸ ਕਰਕੇ ਰਵਾਇਤੀ ਡੋਰ ਨਾਲ ਮਨਾਉਣਾ ਚਾਹੀਦਾ ਹੈ ਤੇ ਚੀਨੀ ਡੋਰ ਦਾ ਮੁਕੰਮਲ ਤੌਰ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਚੀਨੀ ਡੋਰ ਨਾਲ ਕਈ ਕੀਮਤੀ ਜਾਨਾਂ ਤੇ ਪਸ਼ੂ, ਪੰਛੀਆਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੀਨੀ ਡੋਰ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਤੇ ਪੁਲਿਸ ਵੱਲੋਂ ਚੀਨੀ ਡੋਰ ਵੇਚਣ ਵਾਲਿਆਂ ਵਿਰੁੱਧ ਪਰਚੇ ਦਰਜ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *