ਪ੍ਰਤਾਪ ਬਾਜਵਾ ਮਨਪ੍ਰੀਤ ਬਾਦਲ ’ਤੇ ਹੋਏ ਤੱਤੇ, ਕਿਹਾ, ਜਿਹੜੇ ਪਾਰਟੀ ਛੱਡ ਕੇ ਜਾ ਰਹੇ ਨੇ ਇਹ ਪਹਿਲਾਂ ਹੀ ਸਾਡੇ ਨਹੀਂ ਸੀ

 ਪ੍ਰਤਾਪ ਬਾਜਵਾ ਮਨਪ੍ਰੀਤ ਬਾਦਲ ’ਤੇ ਹੋਏ ਤੱਤੇ, ਕਿਹਾ, ਜਿਹੜੇ ਪਾਰਟੀ ਛੱਡ ਕੇ ਜਾ ਰਹੇ ਨੇ ਇਹ ਪਹਿਲਾਂ ਹੀ ਸਾਡੇ ਨਹੀਂ ਸੀ

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦਾ ਅੱਜ ਪੰਜਾਬ ‘ਚ ਆਖਰੀ ਦਿਨ ਹੈ। ਅੱਜ ਪਠਾਨਕੋਟ ‘ਚ ਰਾਹੁਲ ਗਾਂਧੀ ਵੱਲੋਂ ‘ਭਾਰਤ ਜੋੜੋ ਯਾਤਰਾ’ ਦੌਰਾਨ ਵੱਡਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਵੱਡੀ ਰੈਲੀ ਕੀਤੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਬੋਧਨ ਕੀਤਾ ਗਿਆ।

May be an image of 11 people and people standing

ਸੰਬੋਧਨ ਕਰਦਿਆਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ‘ਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਬਾਜਵਾ ਨੇ ਪੰਜਾਬ ਸਰਕਾਰ ਤੇ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਤੇ ਆਗੂ ਮਨਪ੍ਰੀਤ ਬਾਦਲ ਨੂੰ ਘੇਰਿਆ ਹੈ।  ਮਨਪ੍ਰੀਤ ਬਾਦਲ ਦੇ ਭਾਜਪਾ ‘ਚ ਜਾਣ ‘ਤੇ ਆਪਣੀ ਭੜਾਸ ਕੱਢਦਿਆਂ ਬਾਜਵਾ ਨੇ ਕਿਹਾ ਕਿ ਆਹ ਜੋ ਰੋਜ਼ ਪਾਰਟੀ ਛੱਡ-ਛੱਡ ਕੇ ਜਾ ਰਹੇ ਹਨ, ਇਹ ਪਹਿਲਾਂ ਹੀ ਸਾਡੇ ਨਹੀਂ ਸੀ।

Image

ਇਹ ਸਾਡੀ ਪਾਰਖੂ ਨਜ਼ਰ ਨੇ ਪਹਿਲਾਂ ਹੀ ਧੋਖਾ ਖਾਧਾ ਹੈ। ਮਨਪ੍ਰੀਤ ਬਾਦਲ ਨੇ ਪਹਿਲਾਂ ਅਕਾਲੀ ਦਲ ਦਾ ਭੋਗ ਪਾਇਆ ਤੇ ਫਿਰ ਸਾਡਾ ਪਾ ਗਿਆ। ਹੁਣ ਇਸ ਨੇ ਅੰਤਿਮ ਅਰਦਾਸ ਕਰਨ ਲਈ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ। ਰਾਹੁਲ ਗਾਂਧੀ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਪਾਰਟੀ ‘ਚ ਜਿੰਨਾ ਵੀ ਗੰਦ-ਮੰਦ ਹੈ , ਉਸ ਨੂੰ ਜਲਦ ਪਾਰਟੀ ‘ਚੋਂ ਕੱਢ ਦਿੱਤਾ ਜਾਵੇ।

ਸਾਫ਼-ਸੁਥਰੀ ਕਾਇਆ ਵਾਲੇ ਬੰਦਿਆਂ ਨੂੰ ਪਾਰਟੀ ‘ਚ ਲਿਆਂਦਾ ਜਾਵੇ ਤਾਂ ਜੋ ਇਨ੍ਹਾਂ ਠੱਗਾਂ ਤੋਂ ਬਚ ਸਕੀਏ ਕਿਉਂਕਿ ਪਾਰਟੀ ‘ਚ ਪੈਰਾਸ਼ੁਟ ਆਗੂ ਨਹੀਂ ਚੱਲਣਗੇ, ਇਨ੍ਹਾਂ ਕਰਕੇ ਸਾਨੂੰ ਕਾਫ਼ੀ ਕੀਮਤ ਅਦਾ ਕਰਨੀ ਪਈ ਹੈ। ਬਾਜਵਾ ਨੇ ਕਿਹਾ ਕਿ ਪਾਰਟੀ ਨੂੰ ਮਜਬੂਤ ਕਰਨ ਲਈ ਸਾਨੂੰ ਸਾਡੀ ਪਾਰਟੀ ਦੀ ਵਿਚਾਰਧਾਰਾ ਤੇ ਸੋਚ ਨਾਲ ਜੁੜੇ ਹੋਏ ਲੋਕਾਂ ਨੂੰ ਲਿਆਉਣਾ ਪਵੇਗਾ।

ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ‘ਚ ਜੋ ਬਦਲਾਅ ਆਇਆ ਹੈ , ਉਸ ਨੇ ਸੂਬੇ ਨੂੰ ਫੇਲ੍ਹ ਕਰ ਦਿੱਤਾ ਹੈ ਤੇ ਕਿਸੇ ਵਿਅਕਤੀ ਦੀ ਜ਼ਿੰਦਗੀ ਮਹਿਫੂਜ਼ ਨਹੀਂ। ਤਿੰਨੋਂ ਪਾਸਿਓਂ ਸਾਡੇ ‘ਤੇ ਹਮਲਾ ਕੀਤਾ ਜਾ ਰਿਹਾ ਹੈ। ਸਰਹੱਦ ਪਾਰੋਂ ਨਸ਼ਾ ਤੇ ਹਥਿਆਰ ਲਗਾਤਾਰ ਆ ਰਹੇ ਹਨ ਅਤੇ ਇਸ ਤੋਂ ਇਲਾਵਾ ਕੇਂਦਰੀ ਏਜੰਸੀਆ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।

ਬਾਜਵਾ ਨੇ ਤੰਜ਼ ਕੱਸਦਿਆਂ ਕਿਹਾ ਕਿ ਜਦੋਂ ਪੰਜਾਬ ਦੇ ਲੋਕ ਜਾਗੇ ਹੁੰਦੇ ਹਨ, ਉਸ ਵੇਲੇ ਇੱਥੋਂ ਦਾ ਮੁੱਖ ਮੰਤਰੀ ਸੁੱਤਾ ਹੁੰਦਾ ਹੈ। ਉਨ੍ਹਾਂ ਗਰਜ਼ਦਿਆਂ ਕਿਹਾ ਕਿ ਪੰਜਾਬ ਰਿਮੋਟ ਕੰਟਰੋਲ ‘ਤੇ ਚੱਲ ਰਿਹਾ ਹੈ। ਲੋਕਾਂ ਨੇ ਵੋਟਾਂ ਤਾਂ ਭਗਵੰਤ ਮਾਨ ਨੂੰ ਪਾਈਆਂ ਸਨ ਪਰ ਰਾਜ ਕੇਜਰੀਵਾਲ ਕਰ ਰਿਹਾ ਹੈ। ਇਸ ਗੱਲ ਲਈ ਪੰਜਾਬੀਆਂ ਨੂੰ ਉੱਠਣਾ ਪਵੇਗਾ। ਜ਼ੀਰਾ ਫੈਕਟਰੀ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਲੈ ਕੇ ਡਰਾਮਾ ਕੀਤਾ ਜਾ ਰਿਹਾ ਹੈ।

 

 

Leave a Reply

Your email address will not be published. Required fields are marked *