ਪ੍ਰਤਾਪ ਬਾਜਵਾ ਨੇ ਸੀਐਮ ਮਾਨ ’ਤੇ ਲਾਏ ਨਿਸ਼ਾਨੇ, ਲੋਕਾਂ ਦਾ ਭਰੋਸਾ ਗੁਆ ਚੁੱਕੇ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ

ਸਿਆਸਤ ਵਿੱਚ ਸਿਆਸੀ ਵਾਰ ਅਕਸਰ ਹੀ ਚਲਦੇ ਰਹਿੰਦੇ ਹਨ। ਹੁਣ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਮਾਨ ਤੇ ਸ਼ਬਦੀ ਹਮਲੇ ਕੀਤੇ ਹਨ। ਉਹਨਾਂ ਕਿਹਾ ਕਿ, ਨੌਂ ਮਹੀਨਿਆਂ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦਾ ਭਰੋਸਾ ਗੁਆ ਚੁੱਕੇ ਹਨ। ਸੂਬੇ ਵਿੱਚ ਬਦਤਰ ਹੋਈ ਅਮਨ-ਕਾਨੂੰਨ ਵਿਵਸਥਾ ਦਰਸਾਉਂਦੀ ਹੈ ਕਿ ਮੁੱਖ ਮੰਤਰੀ ਸੂਬਾ ਚਲਾਉਣ ਵਿੱਚ ਨਾਕਾਮ ਸਾਬਤ ਹੋ ਰਹੇ ਹਨ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਸਨਅਤੀ ਨੀਤੀ ਨਹੀਂ ਬਣਾਈ ਗਈ, ਜਿਸ ਕਾਰਨ ਸੂਬੇ ਵਿੱਚ ਨਵਾਂ ਨਿਵੇਸ਼ ਰੁਕਿਆ ਹੋਇਆ ਹੈ। ਬਾਜਵਾ ਨੇ ਕਿਹਾ ਕਿ ਕਾਂਗਰਸੀ ਲੀਡਰ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ 11 ਜਨਵਰੀ ਨੂੰ ਸ਼ੰਭੂ ਬੈਰੀਅਰ ਰਾਹੀਂ ਪੰਜਾਬ ਵਿੱਚ ਦਾਖਲ ਹੋਵੇਗੀ ਅਤੇ 12 ਜਨਵਰੀ ਨੂੰ ਇਤਿਹਾਸਿਕ ਸ਼ਹਿਰ ਫਤਹਿਗੜ੍ਹ ਸਾਹਿਬ ਤੋਂ ਇਹ ਯਾਤਰਾ ਸ਼ੁਰੂ ਕੀਤੀ ਜਾਵੇਗੀ।
ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਯਾਤਰਾ ਨੂੰ ਸਫ਼ਲ ਬਣਾਉਣ ਲਈ ਜ਼ੀਰਕਪੁਰ ਵਿਖੇ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਸ਼ੰਭੂ ਬੈਰੀਅਰ ਤੇ ਯਾਤਰਾ ਦਾ ਪੰਜਾਬ ਕਾਂਗਰਸ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ ਤੇ ਭਾਰਤ ਜੋੜੋ ਯਾਤਰਾ 9 ਦਿਨ ਪੰਜਾਬ ਵਿੱਚ ਰਹੇਗੀ।