ਪ੍ਰਤਾਪ ਬਾਜਵਾ ਦੀ ਸੀਐਮ ਨੂੰ ਵੰਗਾਰ, ਦਮ ਹੈ ਤਾਂ ਕੈਪਟਨ ਸਰਕਾਰ ਵੇਲੇ ਹੋਏ ਕਰੋੜਾਂ ਦੇ ਘੁਟਾਲੇ ਦੀ ਕਰਵਾਓ ਜਾਂਚ

 ਪ੍ਰਤਾਪ ਬਾਜਵਾ ਦੀ ਸੀਐਮ ਨੂੰ ਵੰਗਾਰ, ਦਮ ਹੈ ਤਾਂ ਕੈਪਟਨ ਸਰਕਾਰ ਵੇਲੇ ਹੋਏ ਕਰੋੜਾਂ ਦੇ ਘੁਟਾਲੇ ਦੀ ਕਰਵਾਓ ਜਾਂਚ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੰਗਾਰਦਿਆਂ ਕਿਹਾ ਕਿ, ਜੇ ਉਹ ਸਹੀ ਮਾਇਨਿਆਂ ਵਿੱਚ ਇਮਾਨਦਾਰ ਹਨ ਤਾਂ ਉਹ ਕੈਪਟਨ ਦੇ ਕਾਰਜਕਾਲ ਦੌਰਾਨ ਹੋਏ 3400 ਕਰੋੜ ਰੁਪਏ ਦੇ ਕਥਿਤ ਘੁਟਾਲੇ ਦੀ ਜਾਂਚ ਕਰਵਾਉਣ।

ਉਹਨਾਂ ਕਿਹਾ ਕਿ, ਮੋਤੀ ਮਹਿਲ ਵਿੱਚ ਵਿਜੀਲੈਂਸ ਭੇਜ ਕੇ ਇਸ ਕਥਿਤ ਗਬਨ ਤੋਂ ਪਰਦਾ ਚੁੱਕਿਆ ਜਾਵੇ। ਬਾਜਵਾ ਨੇ ਦਿੱਲੀ ਦੀ ਆਬਕਾਰੀ ਨੀਤੀ ਨੂੰ ਲੈ ਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ਼ ਦਰਜ ਸੀਬੀਆਈ ਕੇਸ ਦੇ ਹਵਾਲੇ ਨਾਲ ਪੰਜਾਬ ਦੀ ‘ਆਪ’ ਸਰਕਾਰ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਸਲਾਹ ਵੀ ਦਿੱਤੀ।

ਉਹਨਾਂ ਕਿਹਾ ਕਿ ਕੈਪਟਨ ਸਰਕਾਰ ਦੌਰਾਨ ਕਾਂਗਰਸੀ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਖੇਤੀਬਾੜੀ ਮਸ਼ੀਨਰੀ ਨਾਲ ਸਬੰਧਤ ਬਠਿੰਡਾ ਵਿੱਚ 12000 ਕਰੋੜ ਨਾਲ ਬਣਨ ਵਾਲੇ 34 ਬੈਂਕਾਂ ਦੇ ਮਾਮਲੇ ਵਿੱਚ 3400 ਕਰੋੜ ਰੁਪਏ ਦੇ ਕਥਿਤ ਗਬਨ ਦਾ ਮਾਮਲਾ ਚੁੱਕਿਆ ਸੀ।

ਉਹਨਾਂ ਕਿਹਾ ਕਿ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਦਾ ਕਥਿਤ ਭ੍ਰਿਸ਼ਟਾਚਾਰ ਖੁਦ ਮੁੱਖ ਮੰਤਰੀ ਵੱਲੋਂ ਬੇਨਕਾਬ ਕੀਤੇ ਜਾਣ ਦੇ ਬਾਵਜੂਦ ਅੱਜ ਉਹੀ ਵਿਜੈ ਸਿੰਗਲਾ ‘ਆਪ ਦੀਆਂ ਮੀਟਿੰਗਾਂ’ ਅਤੇ ਸਰਕਾਰੀ ਸਮਾਗਮਾਂ ਦਾ ਸ਼ਿੰਗਾਰ ਬਣਦਾ ਆ ਰਿਹਾ ਹੈ। ਬਾਜਵਾ ਨੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੂੰ ਕਾਂਗਰਸ ਦਾ ਖਹਿੜਾ ਛੱਡਣ ਦੀ ਅਪੀਲ ਕੀਤੀ ਹੈ। ਬਾਜਵਾ ਨੇ ਕਿਹਾ ਕਿ ਪਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ ਤੇ ਉਹ ਸਿਰਫ਼ ਲੋਕ ਸਭਾ ਮੈਂਬਰੀ ਬਚਾਉਣ ਲਈ ਹੀ ਪਾਰਟੀ ਨਾਲ ਜੁੜੇ ਹੋਏ ਹਨ। ਉਹਨਾਂ ਅੱਗੇ ਕਿਹਾ ਕਿ ਪਰਨੀਤ ਕੌਰ ਦਾ ਇਖ਼ਲਾਕੀ ਫਰਜ਼ ਬਣ ਜਾਂਦਾ ਹੈ ਕਿ ਉਹ ਹੁਣ ਕਾਂਗਰਸ ਦਾ ਖਹਿੜਾ ਛੱਡ ਦੇਣ।

Leave a Reply

Your email address will not be published.