ਪ੍ਰਕਾਸ਼ ਬਾਦਲ ਨੇ ਪੀਐਮ ਦੇ ਫ਼ੈਸਲੇ ਤੋਂ ਬਾਅਦ ਕਿਸਾਨਾਂ ਨੂੰ ਵਧਾਈ ਦਿੱਤੀ

ਸ.ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਫ਼ੈਸਲੇ ਤੋਂ ਬਾਅਦ ਕਿਸਾਨਾਂ ਨੂੰ ਵਧਾਈ ਦਿੱਤੀ। ਉੱਥੇ ਹੀ ਪ੍ਰਕਾਸ਼ ਪੁਰਬ ਦੀਆਂ ਵੀ ਸੰਗਤਾਂ ਨੂੰ ਵਧਾਈ ਦਿੱਤੀ। ਉਹਨਾਂ ਸੋਸ਼ਲ ਮੀਡੀਆ ਤੇ ਵੀਡੀਓ ਰਾਹੀਂ ਲਿਖਿਆ ਕਿ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਇਤਿਹਾਸਕ ਅਤੇ ਪਾਵਨ ਦਿਹਾੜੇ ‘ਤੇ ਕਿਸਾਨਾਂ ਦੀ ਇਤਿਹਾਸਕ ਜਿੱਤ! ਇਹ ਇਤਿਹਾਸ ਵਿੱਚ ਆਪਣੀ ਪਰਿਭਾਸ਼ਾ ਆਪ ਦੇਣ ਵਾਲਾ ਪਲ ਹੈ।

ਦੁਨੀਆ ਭਰ ਦੇ ਕਿਸਾਨ ਸੰਘਰਸ਼ਾਂ ਦੇ ਅਮੀਰ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਘਟਨਾ ਹੈ। ਸਾਡੇ ਮਹਾਨ ਗੁਰੂ ਸਾਹਿਬਾਨਾਂ ਦਾ ਕੋਟਾਨ-ਕੋਟਿ ਸ਼ੁਕਰਾਨਾ ਕਰਦਾ ਹੋਇਆ,ਆਪਣੇ ਖੇਤਾਂ ਵਿੱਚ ਖ਼ੂਨ-ਪਸੀਨਾ ਡੋਲ੍ਹ ਕੇ ਸਖ਼ਤ ਮਿਹਨਤ ਕਰਨ ਵਾਲੇ ਹਰ ਕਿਸਾਨ ਨੂੰ ਮੈਂ ਇਸ ਜਿੱਤ ਦੀ ਵਧਾਈ ਦਿੰਦਾ ਹਾਂ। ਇਸ ਜਿੱਤ ਦੇ ਨਤੀਜੇ ਦੁਨੀਆ ਭਰ ਦੇ ਗ਼ਰੀਬ ਅਤੇ ਲੋੜਵੰਦ ਲੋਕਾਂ ਦੇ ਇਨਸਾਫ਼ ਲਈ ਹੋਣ ਵਾਲੇ ਸੰਘਰਸ਼ ਉੱਤੇ ਵਿਆਪਕ ਅਤੇ ਚਿਰਸਥਾਈ ਅਸਰ ਪਾਉਣਗੇ।
ਜਿੱਥੇ ਮੈਂ ਇਸ ਮੌਕੇ ਪੰਜਾਬ, ਦੇਸ਼ ਅਤੇ ਦੁਨੀਆ ਭਰ ਦੇ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ, ਉੱਥੇ ਹੀ ਮੈਂ ਉਨ੍ਹਾਂ 700 ਕਿਸਾਨ ਪਰਿਵਾਰਾਂ ਦੇ ਨਾਲ ਅਡੋਲ ਖੜ੍ਹਨ ਦੀ ਵਚਨਬੱਧਤਾ ਵੀ ਮੁੜ ਦੁਹਰਾਉਂਦਾ ਹਾਂ, ਜਿਨ੍ਹਾਂ ਦੇ ਅਜ਼ੀਜ਼ਾਂ ਨੇ ਇਸ ਨਿਆਂਪੂਰਨ ਅਤੇ ਮਹਾਨ ਸੰਘਰਸ਼ ਦੇ ਰਾਹ ‘ਤੇ ਆਪਣੀਆਂ ਸ਼ਹਾਦਤਾਂ ਅਰਪਣ ਕੀਤੀਆਂ। ਇਸ ਦੇ ਸਮੇਤ ਲਖੀਮਪੁਰ ਵਰਗੀਆਂ ਦੁਖਦਾਈ, ਸ਼ਰਮਨਾਕ ਅਤੇ ਬਿਲਕੁਲ ਨਾ ਪ੍ਰਵਾਨਯੋਗ ਘਟਨਾਵਾਂ ਇਸ ਸਰਕਾਰ ਦੇ ਚਿਹਰੇ ਦਾ ਹਮੇਸ਼ਾ ਕਾਲ਼ਾ ਧੱਬਾ ਬਣੇ ਰਹਿਣਗੇ।
ਪੰਜਾਬ ਦੀ ਜ਼ਰਖ਼ੇਜ਼ ਮਿੱਟੀ ਦੇ ਜਾਏ ਇਹ ਬਹਾਦਰ ਸੂਰਮੇ ਕਿਸਾਨਾਂ ਦੇ ਇਨਸਾਫ਼ ਦੀ ਜੰਗ ਦੇ ਸ਼ਹੀਦਾਂ ਵਜੋਂ ਸਦਾ ਸਤਿਕਾਰੇ ਜਾਂਦੇ ਰਹਿਣਗੇ, ਜਿਨ੍ਹਾਂ ਕਿਸਾਨਾਂ ਦੀ ਭਲਾਈ ਅਤੇ ਬਿਹਤਰੀ ਨੂੰ ਮੈਂ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਰਿਹਾ ਹਾਂ। ਲੋਕਤੰਤਰੀ ਸਰਕਾਰਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਬੇਸ਼ਰਮ ਅਤੇ ਬੇਰਹਿਮ ਕਨੂੰਨ, ਉਨ੍ਹਾਂ ਦੇ ਪ੍ਰਭਾਵ ਹੇਠ ਆਉਣ ਵਾਲੇ ਲੋਕਾਂ ਨੂੰ ਬਿਨਾਂ ਭਰੋਸੇ ਵਿੱਚ ਲਏ, ਉਨ੍ਹਾਂ ਉੱਤੇ ਥੋਪ ਦਿੱਤੇ ਗਏ ਸੀ – ਸ. ਪ੍ਰਕਾਸ਼ ਸਿੰਘ ਬਾਦਲ, ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ
