ਪੂਰੇ ਦੇਸ਼ ’ਚ ਕੱਲ੍ਹ ਹੋਵੇਗਾ ਚੱਕਾ ਜਾਮ, ਦਿੱਲੀ ਪੁਲਿਸ ਅਲਰਟ, ਬੁਲਾਈ ਅਹਿਮ ਮੀਟਿੰਗ

ਕਿਸਾਨ ਜੱਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ 6 ਫਰਵਰੀ ਨੂੰ 3 ਘੰਟਿਆਂ ਲਈ ਚੱਕਾ ਜਾਮ ਕੀਤਾ ਜਾਵੇਗਾ। ਇਸ ਸਬੰਧੀ ਪੁਲਿਸ ਅਧਿਕਾਰੀਆਂ ਦੀ ਜ਼ਰੂਰੀ ਬੈਠਕ ਚਲ ਰਹੀ ਹੈ। ਇਸ ਬੈਠਕ ਵਿੱਚ ਸਾਰੇ ਜ਼ਿਲ੍ਹਾ ਅਧਿਕਾਰੀ ਇਕੱਠੇ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਕਿਸੇ ਵੀ ਹਿੱਸੇ ਵਿੱਚ ਸੜਕਾਂ ਜਾਮ ਨਹੀਂ ਕੀਤੀਆਂ ਜਾਣਗੀਆਂ। ਪੁਲਿਸ ਵੀ ਅਲਰਟ ਤੇ ਹੈ ਕਿਉਂ ਕਿ ਉਹਨਾਂ ਨੂੰ ਡਰ ਹੈ ਕਿ ਕਿਤੇ ਕਿਸਾਨ ਦਿੱਲੀ ਅੰਦਰ ਦਾਖਲ ਨਾ ਹੋ ਜਾਣ।

ਦਸ ਦਈਏ ਕਿ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਮੌਕੇ ਤੇ ਕਿਸਾਨਾਂ ਵੱਲੋਂ ਕੀਤੀ ਗਈ ਟਰੈਕਟਰ ਰੈਲੀ ਦੌਰਾਨ ਰਾਸ਼ਟਰੀ ਰਾਜਧਾਨੀ ਦੇ ਲਾਲ ਕਿਲ੍ਹੇ ਵਿੱਚ ਵਾਪਰੀ ਹਿੰਸਾ ਦੀ ਘਟਨਾ ਵਿੱਚ ਸ਼ਾਮਲ ਹਿੰਸਾਕਾਰੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਗਣਤੰਤਰ ਦਿਵਸ ਦੀ ਹਿੰਸਾ ਦੀ ਜਾਂਚ ਕਰਦਿਆਂ ਪੁਲਿਸ ਨੇ ਚਿਹਰੇ ਦੇ ਵਿਸ਼ਲੇਸ਼ਣ ਦਾ ਉਪਯੋਗ ਕਰਦਿਆਂ ਸ਼ੱਕੀਆਂ ਦੀ ਸ਼ਨਾਖ਼ਤ ਕੀਤੀ ਹੈ। ਪੁਲਿਸ ਨੇ 20 ਸ਼ੱਕੀਆਂ ਦੀ ਸ਼ਨਾਖਤ ਕਰ ਲਈ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਕੁਝ ਸ਼ੱਕੀ ਦਿੱਲੀ ਤੋਂ ਨੱਸ ਗਏ ਹਨ ਤੇ ਕੁੱਝ ਹੋਰ ਲੁਕ ਗਏ ਹਨ।
ਦਸ ਦਈਏ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਰਾਜ ਸਭਾ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਪਿੰਡ, ਗਰੀਬਾਂ ਅਤੇ ਕਿਸਾਨੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਰਹੇਗੀ। ਵਿਰੋਧੀ ਧਿਰ ਵੱਲੋਂ ਕਈ ਵਾਰ ਇਹ ਕਿਹਾ ਗਿਆ ਹੈ ਕਿ ਸਾਰਾ ਕੁੱਝ ਮੋਦੀ ਸਰਕਾਰ ਨੇ ਕੀਤਾ ਹੈ, ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ? ਮੈਂ ਇਸ ਮਾਮਲੇ ਵਿਚ ਕਹਿਣਾ ਚਾਹੁੰਦਾ ਹਾਂ ਕਿ ਅਜਿਹੇ ਦੋਸ਼ ਲਾਉਣਾ ਉਚਿਤ ਨਹੀਂ।
