ਪੁਲਿਸ ਮੁਲਾਜ਼ਮ ਤੋਂ ਰਾਈਫਲ ਖੋਹ ਕੇ ਭੱਜਣ ਵਾਲਾ ਨੌਜਵਾਨ ਗ੍ਰਿਫ਼ਤਾਰ, ਮਾਮਲਾ ਦਰਜ

 ਪੁਲਿਸ ਮੁਲਾਜ਼ਮ ਤੋਂ ਰਾਈਫਲ ਖੋਹ ਕੇ ਭੱਜਣ ਵਾਲਾ ਨੌਜਵਾਨ ਗ੍ਰਿਫ਼ਤਾਰ, ਮਾਮਲਾ ਦਰਜ

ਗੁਰਦਾਸਪੁਰ ਦੇ ਧਾਰੀਵਾਲ ਥਾਣੇ ਦੀ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਨੌਜਵਾਨ ਪੁਲਿਸ ਮੁਲਾਜ਼ਮ ਦੀ ਐਸਐਲਆਰ ਰਾਈਫਲ ਖੋਹ ਕੇ ਫਰਾਰ ਹੋ ਗਿਆ ਸੀ। ਗੰਨ ਖੋਹਣ ਤੋਂ ਬਾਅਦ ਉਹ ਫੇਸਬੁੱਕ ਤੇ ਲਾਈਵ ਹੋਇਆ ਸੀ। ਹੁਣ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਖਿਲਾਫ਼ ਮਾਮਲਾ ਵੀ ਦਰਜ ਹੋ ਚੁੱਕਾ ਹੈ।

ਦੱਸ ਦਈਏ ਕਿ ਧਾਰੀਵਾਲ ਥਾਣੇ ਅਧੀਨ ਪੈਂਦੇ ਪਿੰਡ ਗੁਰਦਾਸ ਨੰਗਲ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਕਰੀਬ ਇੱਕ ਮਹੀਨਾ ਪਹਿਲਾਂ ਲੜਾਈ ਝਗੜੇ ਦੀ ਸ਼ਿਕਾਇਤ ਦਰਜ ਕਰਵਾਈ ਸੀ। ਥਾਣੇ ਦੇ ਕਈ ਚੱਕਰ ਲਾਉਣ ਤੋਂ ਬਾਅਦ ਵੀ ਕਾਰਵਾਈ ਨਾ ਹੋਣ ਤੋਂ ਤੰਗ ਆ ਕੇ ਸੋਮਵਾਰ ਸਵੇਰੇ 8 ਵਜੇ ਦੇ ਕਰੀਬ ਉਹ ਥਾਣਾ ਧਾਰੀਵਾਲ ਦੇ ਸੰਤਰੀ ਦੀ ਐਸਐਲਆਰ ਰਾਈਫਲ ਲੈ ਕੇ ਫ਼ਰਾਰ ਹੋ ਗਿਆ।

ਇਸ ਤੋਂ ਬਾਅਦ ਮੁਲਜ਼ਮ ਨੇ ਖੁਦ ਲਾਈਵ ਹੋ ਕੇ ਸਾਰੀ ਗੱਲ ਦੱਸੀ। ਸੂਚਨਾ ਮਿਲਣ ਤੇ ਪੁਲਿਸ ਨੇ ਥਾਣਾ ਕਾਹਨੂੰਵਾਨ ਦੇ ਪਿੰਡ ਧੰਦਲ ਵਿੱਚ ਟਿਊਬਵੈੱਲ ਨੂੰ ਘੇਰਾ ਪਾ ਲਿਆ। ਕਰੀਬ 5 ਘੰਟੇ ਦੀ ਮੁਸ਼ੱਕਤ ਕਰਨ ਤੋਂ ਬਾਅਦ ਮੁਲਜ਼ਮ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਅਤੇ ਸਾਰੀ ਘਟਨਾ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ।

ਇਸ ਬਾਬਤ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਨੌਜਵਾਨ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਥਾਣਾ ਧਾਰੀਵਾਲ ਦੇ ਐਸਐਚਓ ‘ਤੇ ਗੰਭੀਰ ਦੋਸ਼ ਲਗਾਏ ਸਨ। ਨੌਜਵਾਨ ਦਾ ਦੋਸ਼ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੀ ਦਰਖ਼ਾਸਤ ਲੈ ਕੇ ਥਾਣੇ ਜਾ ਰਿਹਾ ਹੈ ਪਰ ਉਹਦੀ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਹਨੂੰ ਇਹ ਕਦਮ ਚੁੱਕਣਾ ਪਿਆ ਹੈ।

Leave a Reply

Your email address will not be published.