ਪੁਲਿਸ ਨੂੰ ਮਿਲੀ ਸਫ਼ਲਤਾ, SI ਦਿਲਬਾਗ ਸਿੰਘ ਦੀ ਗੱਡੀ ਹੇਠ ਬੰਬ ਲਾਉਣ ਵਾਲਾ ਮੁੱਖ ਮੁਲਜ਼ਮ ਦੀਪਾ ਗ੍ਰਿਫ਼ਤਾਰ

 ਪੁਲਿਸ ਨੂੰ ਮਿਲੀ ਸਫ਼ਲਤਾ, SI ਦਿਲਬਾਗ ਸਿੰਘ ਦੀ ਗੱਡੀ ਹੇਠ ਬੰਬ ਲਾਉਣ ਵਾਲਾ ਮੁੱਖ ਮੁਲਜ਼ਮ ਦੀਪਾ ਗ੍ਰਿਫ਼ਤਾਰ

ਅੰਮ੍ਰਿਤਸਰ ਪੁਲਿਸ ਨੇ ਸੀਆਈਏ ਸਟਾਫ਼ ਦੇ ਸਬ-ਇੰਸਪੈਕਟਰ ਦਿਲਬਾਗ਼ ਸਿੰਘ ਦੀ ਕਾਰ ਵਿੱਚ ਬੰਬ ਰੱਖਣ ਦੇ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਦੀਪਾ ਲੰਡਾ ਦੇ ਸੰਪਰਕ ਵਿੱਚ ਸੀ ਅਤੇ ਇਹ ਕੰਮ ਕਰਨ ਲਈ ਕਿਸੇ ਤੋਂ 80 ਹਜ਼ਾਰ ਰੁਪਏ ਲਏ ਸਨ। ਉੱਥੇ ਹੀ ਇੱਕ ਹੋਰ ਮੁਲਜ਼ਮ ਅਜੇ ਫਰਾਰ ਦੱਸਿਆ ਜਾ ਰਿਹਾ ਹੈ।

ਬੰਬ ਲਾਉਣ ਦੀ ਜ਼ਿੰਮੇਵਾਰੀ ਉਸ ਦੀ ਅਤੇ ਇੱਕ ਹੋਰ ਮੁਲਜ਼ਮ ਦੀ ਸੀ ਅਤੇ ਪੁਲਿਸ ਕਾਂਸਟੇਬਲ ਹਰਪਾਲ ਸਿੰਘ ਅਤੇ ਫਤਿਹਦੀਪ ਨੇ ਮੋਬਾਈਲ ਰਾਹੀਂ ਬੰਬ ਵਿਸਫੋਟ ਕਰਕੇ ਐਸਆਈ ਨੂੰ ਮਾਰਨਾ ਸੀ। ਇਸ ਸਾਰੀ ਸਾਜ਼ਿਸ਼ ਵਿੱਚ ਕੁੱਲ ਨੌ ਲੋਕ ਸ਼ਾਮਲ ਹਨ। ਇਹਨਾਂ ਵਿੱਚੋਂ 7 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਪੁਲਿਸ ਨੇ ਮੁਲਜ਼ਮਾਂ ਕੋਲੋਂ ਦੀਪਕ ਵੱਲੋਂ ਆਈਈਡੀ ਲਾਉਣ ਲਈ ਵਰਤਿਆ ਮੋਟਰਸਾਈਕਲ ਅਤੇ 5 ਮੋਬਾਇਲ ਫੋਨਾਂ ਤੋਂ ਇਲਾਵਾ ਫਤਿਹਦੀਪ ਅਤੇ ਹਰਪਾਲ ਦੇ ਕਬਜ਼ੇ ਵਿਚੋਂ 2.52 ਲੱਖ ਰੁਪਏ, 3614 ਡਾਲਰ, 220 ਯੂਰੋ, 170 ਪੌਂਡ ਅਤੇ ਪਾਸਪੋਰਟ ਬਰਾਮਦ ਕੀਤੇ ਹਨ।

18 ਅਗਸਤ ਨੂੰ ਦਿੱਲੀ ਏਅਰਪੋਰਟ ਤੋਂ ਇੱਕ ਪੁਲਿਸ ਕਾਂਸਟੇਬਲ ਹਰਪਾਲ ਸਿੰਘ, ਉਸ ਦੇ ਭਤੀਜੇ ਫਤਿਹਦੀਪ ਸਿੰਘ, ਦੋਵੇਂ ਵਾਸੀ ਪਿੰਡ ਸਭਰਾ ਤੋਂ ਗ੍ਰਿਫ਼ਤਾਰ ਕੀਤਾ ਸੀ। ਉਹਨਾਂ ਨੇ ਆਈਈਡੀ ਲਾਉਣ ਲਈ ਲੌਜਿਸਟਿਕ, ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ। ਉਹਨਾਂ ਦੀ ਗ੍ਰਿਫ਼ਤਾਰੀ ਨਾਲ ਮਹਾਰਾਸ਼ਟਰ ਅਤੇ ਸ਼ਿਰਡੀ ਤੋਂ ਹਰੀਕੇ ਦੇ ਇੱਕ ਹੋਰ ਰਜਿੰਦਰ ਕੁਮਾਰ ਉਰਫ ਬਾਊ ਦੀ ਗ੍ਰਿਫ਼ਤਾਰੀ ਹੋਈ ਹੈ, ਜੋ ਕਿ ਕੋਰੋਨਾ ਵਾਇਰਸ ਟੀਕਾਕਰਨ ਸਰਟੀਫਿਕੇਟ ਦੀ ਅਣਹੋਂਦ ਵਿੱਚ ਵਿਦੇਸ਼ ਨਹੀਂ ਭੱਜ ਸਕਦਾ ਸੀ।

ਉਸ ਨੂੰ ਮੁੰਬਈ ਏਟੀਐਸ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹਨਾਂ ਦੇ ਸਾਥੀਆਂ ਖੁਸ਼ਹਾਲਬੀਰ ਸਿੰਘ ਵਾਸੀ ਭਿੱਖੀਵਿੰਡ, ਗੁਰਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਸੀ। ਡੀਜੀਪੀ ਯਾਦਵ ਨੇ ਦੱਸਿਆ ਕਿ ਦੀਪਕ, ਫਤਿਹਦੀਪ, ਰਜਿੰਦਰ ਅਤੇ ਹਰਪਾਲ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਲੰਡਾ ਨੇ ਉਨ੍ਹਾਂ ਨੂੰ ਵਿਦੇਸ਼ਾਂ, ਖਾਸ ਕਰਕੇ ਕੈਨੇਡਾ ਵਿੱਚ ਵਸਣ ਵਿੱਚ ਮਦਦ ਕਰਨ ਦੇ ਵਾਅਦੇ ਨਾਲ ਅੱਤਵਾਦੀ ਗਤੀਵਿਧੀਆਂ ਵਿੱਚ ਫਸਾਇਆ ਸੀ।

 

Leave a Reply

Your email address will not be published.