ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 40 ਕਰੋੜ ਦੀ ਹੈਰੋਇਨ ਸਣੇ 2 ਨੌਜਵਾਨ ਕੀਤੇ ਗ੍ਰਿਫ਼ਤਾਰ

ਲੁਧਿਆਣਾ ਵਿੱਚ ਐੱਸਟੀਐੱਫ ਦੀ ਪੁਲਿਸ ਨੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 8 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ 40 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਿਨ੍ਹਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ, ਉਨ੍ਹਾਂ ਦੀ ਪਛਾਣ ਅਨਮੋਲ ਸਿੰਘ ਅਤੇ ਹੀਰਾ ਸਿੰਘ ਉਰਫ਼ ਰਾਜਵੀਰ ਸਿੰਘ ਦੇ ਤੌਰ ‘ਤੇ ਕੀਤੀ ਗਈ ਹੈ।
ਇਹ ਦੋਵੇਂ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੇ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਸੀ। ਪੁਲਸ ਵੱਲੋਂ ਇਸ ਦਾ ਖ਼ੁਲਾਸਾ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਜਾਵੇਗਾ।
ਇਸ ਬਾਰੇ ਐਸਟੀਐਫ਼ ਅਧਿਕਾਰੀ ਨੇ ਕਿਹਾ ਕਿ ਇਹਨਾਂ ਤਸਕਰਾਂ ਵੱਲੋਂ ਪਾਕਿਸਤਾਨ ਤੋਂ ਡਰੋਨ ਜਰੀਏ 8 ਕਿਲੋ ਹੈਰੋਇਨ ਅੰਮ੍ਰਿਤਸਰ ਇਲਾਕੇ ਵਿੱਚ ਮੰਗਵਾਈ ਗਈ ਸੀ, ਜਿਸ ਨੂੰ ਇਹਨਾਂ ਵੱਲੋ ਲੁਧਿਆਣਾ, ਦਿੱਲੀ ਸਮੇਤ ਹੋਰ ਇਲਾਕਿਆਂ ਵਿੱਚ ਸਪਲਾਈ ਕੀਤਾ ਜਾਣਾ ਸੀ। ਪਰ ਇਸ ਤੋਂ ਪਹਿਲਾਂ ਹੀ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਸਟੀਐਫ਼ ਅਧਿਕਾਰੀ ਨੇ ਕਿਹਾ ਕਿ ਗ੍ਰਿਫਤਾਰ ਤਸਕਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਐ, ਜਿਸ ਦੌਰਾਨ ਹੋਰ ਵੀ ਖੁਲਾਸੇ ਹੋ ਸਕਦੇ ਹਨ।