ਪੁਲਿਸ ਨੂੰ ਚਾਈਨਾ ਡੋਰ ਵੇਚਣ ਦੀ ਮਿਲੀ ਸੀ ਗੁਪਤ ਸੂਚਨਾ, ਕਾਰਵਾਈ ਦੌਰਾਨ ਬਰਾਮਦ ਕੀਤੇ 207 ਗੱਟੂ

ਪੰਜਾਬ ਵਿੱਚ ਚਾਈਨਾ ਡੋਰ ਤੇ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਰੋਜ਼ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਲਾਸਟਿਕ/ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਗੁਰਦਾਸਪੁਰ ਦੇ ਗੀਤਾ ਭਵਨ ਰੋਡ ਸਥਿਤ ਪੰਪਾ ਕਾਇਟ ਹਾਊਸ ਤੋਂ ਥਾਣਾ ਸਿਟੀ ਪੁਲਿਸ ਨੇ 207 ਗੱਟੂ ਬਰਾਮਦ ਕੀਤੇ ਹਨ।
ਇਸ ਸਬੰਧੀ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ। ਇਹ ਪੂਰੀ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਨੇ ਦੱਸਿਆ ਕਿ, “ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਦੁਕਾਨ ’ਤੇ ਚਾਈਨਾ ਡੋਰ ਮਿਲ ਸਕਦੀ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।”
ਉਹਨਾਂ ਦੱਸਿਆ ਕਿ, “ਥਾਣਾ ਸਿਟੀ ਦੇ ਐਸਐਚਓ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਦੱਸੀ ਗਈ ਦੁਕਾਨ ਤੇ ਛਾਪੇਮਾਰੀ ਕੀਤੀ।” ਇਸ ਦੌਰਾਨ ਪੁਲਿਸ ਨੂੰ ਮੌਕੇ ਤੋਂ 207 ਸਿੰਥੈਟਿਕ ਡੋਰ ਦੇ ਗੱਟੂ ਬਰਾਮਦ ਹੋਏ ਹਨ। ਪੁਲਿਸ ਨੇ ਚਾਈਨਾ ਡੋਰ ਦੇ ਗੱਟੂ ਬਰਾਮਦ ਕਰਨ ਦੇ ਨਾਲ ਨਾਲ ਦੁਕਾਨ ਦੇ ਮਾਲਕ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਉਹਨਾਂ ਕਿਹਾ ਕਿ, “ਚਾਈਨਾ ਡੋਰ ਨਾਲ ਪਤੰਗਾਂ ਉਡਾਉਣ ਵਾਲਿਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।” ਉਹਨਾਂ ਕਿਹਾ ਕਿ, “ਪੁਲਿਸ ਦੀਆਂ ਟੀਮਾਂ ਵੱਲੋਂ ਪਤੰਗਾਂ ਉਡਾ ਰਹੇ ਵਿਅਕਤੀਆਂ ਦੀ ਮੌਕੇ ਤੇ ਜਾ ਕੇ ਡੋਰ ਚੈੱਕ ਕੀਤੀ ਜਾਵੇਗੀ ਅਤੇ ਜੇ ਉਹ ਡੋਰ ਪਲਾਸਟਿਕ/ਚਾਈਨਾ ਦੀ ਹੋਈ ਤਾਂ ਉਹਨਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।”