ਪਿੰਡ ਵਾਸੀਆਂ ਵੱਲੋਂ ਬਲਜੀਤ ਸਿੰਘ ਦਾਦੂਵਾਲ ਦੇ ਬਾਈਕਾਟ ਦਾ ਮਤਾ ਪਾਸ

ਹੁਣ ਤੱਕ ਪਿੰਡਾਂ ਵਿੱਚ ਭਾਜਪਾ ਲੀਡਰਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਪਰ ਹੁਣ ਅਜਿਹਾ ਹੀ ਹੋਰ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੇ ਪਿੰਡ ਦਾਦੂਵਾਲ ਦੇ ਲੋਕਾਂ ਨੇ ਉਹਨਾਂ ਦਾ ਬਾਈਕਾਟ ਦਾ ਮਤਾ ਪਾਸ ਕੀਤਾ ਹੈ। ਲੋਕਾਂ ਨੇ ਕਿਹਾ ਕਿ, “ਬਲਜੀਤ ਸਿੰਘ ਦਾਦੂਵਾਲ ਪਿੰਡ ਵਿੱਚ ਭਾਜਪਾ ਆਗੂਆਂ ਨੂੰ ਬੁਲਾ ਕੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਹਨ ਜੇ ਇੱਥੇ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਬਲਜੀਤ ਸਿੰਘ ਦਾਦੂਵਾਲ ਦੀ ਹੋਵੇਗੀ।

ਇਸ ਕਰ ਕੇ ਪਿੰਡ ਵਾਲਿਆਂ ਨੇ ਬਲਜੀਤ ਸਿੰਘ ਦਾਦੂਵਾਲ ਖਿਲਾਫ਼ ਲਿਖਤੀ ਰੂਪ ਵਿੱਚ ਮਤਾ ਪਾ ਕੇ ਬਾਈਕਾਟ ਕੀਤਾ ਹੈ।” ਦੱਸ ਦਈਏ ਕਿ ਪਿੰਡ ਦਾਦੂ ਵਿੱਚ ਬੀਤੇ ਦਿਨ ਬਲਜੀਤ ਸਿੰਘ ਦਾਦੂਵਾਲ ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਮਿਲਣ ਆਉਣਾ ਸੀ ਪਰ ਜਿਉਂ ਹੀ ਇਸ ਦੀ ਭਿਣਕ ਇਲਾਕੇ ਦੇ ਕਿਸਾਨਾਂ ਨੂੰ ਲੱਗੀ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਪਿੰਡ ਦਾਦੂ ਵਿੱਚ ਇਕੱਠੇ ਹੋਣ ਲੱਗੇ।
ਕਿਸਾਨਾਂ ਨੇ ਪਿੰਡ ਦਾਦੂ ਵਿੱਚ ਆਉਣ ਵਾਲੀਆਂ ਸਾਰੀਆਂ ਸੜਕਾਂ ਅਤੇ ਹੋਰ ਰਸਤਿਆਂ ਤੇ ਟਰੈਕਟਰ-ਟਰਾਲੀਆਂ ਲਾ ਕੇ ਰਾਹ ਬੰਦ ਕਰ ਦਿੱਤੇ ਤਾਂ ਜੋ ਕੋਈ ਵੀ ਬਾਹਰੋਂ ਪਿੰਡ ਵਿੱਚ ਦਾਖ਼ਲ ਨਾ ਹੋ ਸਕੇ।
