ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸਾਬਕਾ ਵਿਧਾਇਕ ਹਰਚੰਦ ਕੌਰ ਨੂੰ ਦਿਖਾਇਆ ਬਾਹਰ ਦਾ ਰਸਤਾ

ਸੰਗਰੂਰ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਨੇ ਸਾਬਕਾ ਵਿਧਾਇਕ ਹਰਚੰਦ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ਕਾਰਨ ਪਾਰਟੀ ‘ਚੋਂ ਕੱਢ ਦਿੱਤਾ ਹੈ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲਦੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਜਿਸ ਦੇ ਚੱਲਦਿਆਂ ਰਾਜਾ ਵੜਿੰਗ ਵਲੋਂ ਕਈ ਤਰ੍ਹਾਂ ਦੇ ਸਖ਼ਤ ਕਦਮ ਵੀ ਚੁੱਕੇ ਜਾ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਾਬਕਾ ਵਿਧਾਇਕ ਹਰਚੰਦ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਕਾਂਗਰਸ ਪਾਰਟੀ ਤੋਂ ਬਾਹਰ ਕੀਤਾ ਗਿਆ ਹੈ। ਕਾਂਗਰਸ ਪ੍ਰਧਾਨ ਦੇ ਹਸਤਾਖ਼ਰਾਂ ਦੇ ਨਾਲ ਪਾਰਟੀ ਵਲੋਂ ਇਹ ਪੱਤਰ ਜਾਰੀ ਕੀਤਾ ਗਿਆ ਹੈ।
ਦੱਸ ਦਈਏ ਹਰਚੰਦ ਕੌਰ ਬਰਨਾਲਾ ਜ਼ਿਲ੍ਹੇ ਦੇ ਹਲਕਾ ਮਹਿਲ ਕਲਾਂ ਤੋਂ ਦੋ ਵਾਰ ਕਾਂਗਰਸ ਦੀ ਵਿਧਾਇਕ ਰਹਿ ਚੁੱਕੀ ਹੈ। ਪ੍ਰਧਾਨ ਰਾਜਾ ਵੜਿੰਗ ਵੱਲੋਂ ਹਰਚੰਦ ਕੌਰ ਵਿਰੁੱਧ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਇਹ ਕਾਰਵਾਈ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਾਰਟੀ ਨੂੰ ਮਜ਼ਬੂਤ ਬਣਾਉਣ ਅਤੇ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਰਾਜਾ ਵੜਿੰਗ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਜਦੋਂ ਤੱਕ ਉਹ ਪਾਰਟੀ ਪ੍ਰਧਾਨ ਦੇ ਅਹੁਦੇ ‘ਤੇ ਤਾਇਨਾਤ ਹਨ, ਉਹ ਅਜਿਹੇ ਕੰਮ ਕਰਨਗੇ ਕਿ ਲੋਕ ਯਾਦ ਰੱਖਣਗੇ।
