ਪਾਣੀਆਂ ਦੇ ਮਸਲੇ ’ਤੇ ਖੁੱਲ੍ਹ ਕੇ ਬੋਲੇ ਸਿਮਰਜੀਤ ਸਿੰਘ ਬੈਂਸ, ਕਿਹਾ ਸਾਡੇ ਪਾਣੀ ’ਤੇ ਸਾਡਾ ਕਾਨੂੰਨੀ ਅਧਿਕਾਰ ਹੈ

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਹਰੀ ਕੇ ਤੋਂ ਸ਼ੁਰੂ ਕੀਤੀ ਗਈ ‘ਜਨ ਅੰਦੋਲਨ ਯਾਤਰਾ’ ਫਿਰੋਜ਼ਪੁਰ ਪਹੁੰਚੀ। ਪਾਰਟੀ ਦੇ ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨ ਜਸਬੀਰ ਸਿੰਘ ਭੁੱਲਰ ਵੀ ਮੌਜੂਦ ਸਨ।

ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਉਧਮ ਸਿੰਘ ਚੌਂਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦਸਿਆ ਕਿ 19 ਨਵੰਬਰ ਨੂੰ ਉਹ 21 ਲੱਖ ਲੋਕਾਂ ਵੱਲੋਂ ਦਸਤਖਤ ਕੀਤੀ ਗਈ ਪਟੀਸ਼ਨ ਵਿਧਾਨ ਸਭ ਵਿੱਚ ਦੇਣਗੇ।
ਉਹਨਾਂ ਕਿਹਾ ਕਿ ਪਾਣੀ ਦੀ ਕੀਮਤ ਵਸੂਲ ਕਰਨਾ ਸਾਡਾ ਕਾਨੂੰਨੀ ਅਧਿਕਾਰ ਹੈ ਅਤੇ ਸਾਡੇ ਪਾਣੀਆਂ ਤੇ ਸਾਡਾ ਹੀ ਹੱਕ ਰਹੇਗਾ। ਆਸਾਮ, ਬਿਹਾਰ, ਰਾਜਸਥਾਨ, ਝਾਰਖੰਡ ਅਤੇ ਮੱਧ ਪ੍ਰਦੇਸ਼ ਤੋਂ ਸਾਨੂੰ ਮਾਰਬਲ, ਕੋਲਾ, ਕੱਚਾ ਲੋਹਾ ਅਤੇ ਲੱਕੜ ਆਦਿ ਨਕਦ ਮਿਲਦੇ ਹਨ ਤਾਂ ਅਸੀਂ ਪੰਜਾਬ ਦਾ ਪਾਣੀ ਕਿਸੇ ਹੋਰ ਨੂੰ ਮੁਫ਼ਤ ਕਿਉਂ ਦੇਈਏ।
ਰਾਜਸਥਾਨ ਤੋਂ ਅਸੀਂ ਦਿੱਤੇ ਗਏ ਪਾਣੀ ਦੀ 16 ਲੱਖ ਕਰੋੜ ਰੁਪਏ ਬਣਦੀ ਕੀਮਤ ਲੈਣੀ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਹਮਾਇਤ ਕਰਦੇ ਹੋਏ ਕਿਹਾ ਕਿ ਲੋਕ ਇਨਸਾਫ਼ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਮੋਦੀ ਸਰਕਾਰ ਨੂੰ ਆਪਣੇ ਬਣਾਏ ਹੋਏ ਵਿਰੋਧੀ ਕਾਲੇ ਕਾਨੂੰਨ ਹਰ ਹਾਲ ਵਿੱਚ ਵਾਪਸ ਲੈਣੇ ਪੈਣਗੇ।
