ਪਾਕਿਸਤਾਨ ਬਾਰਡਰ ਨਾਲ ਲੱਗਦੇ ਪਿੰਡਾਂ ਦੇ ਸਰਪੰਚਾਂ ਨੂੰ ਮਿਲਣਗੇ ਰਾਜਪਾਲ, ਇਹਨਾਂ ਥਾਵਾਂ ਦਾ ਕਰਨਗੇ ਦੌਰਾ

 ਪਾਕਿਸਤਾਨ ਬਾਰਡਰ ਨਾਲ ਲੱਗਦੇ ਪਿੰਡਾਂ ਦੇ ਸਰਪੰਚਾਂ ਨੂੰ ਮਿਲਣਗੇ ਰਾਜਪਾਲ, ਇਹਨਾਂ ਥਾਵਾਂ ਦਾ ਕਰਨਗੇ ਦੌਰਾ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪਾਕਿਸਤਾਨ ਬਾਰਡਰ ਦੇ ਨਾਲ ਲਗਦੇ ਪਿੰਡਾਂ ਦੇ ਸਰਪੰਚਾਂ ਅਤੇ ਪ੍ਰਮੁੱਖ ਸ਼ਖ਼ਸ਼ੀਅਤਾਂ ਨਾਲ ਮੁਲਾਕਾਤ ਕਰਨਗੇ। ਪਾਕਿਸਤਾਨ ਵੱਲੋਂ ਡਰੋਨ ਅਤੇ ਨਸ਼ਾ ਭੇਜਣ ਦੀਆਂ ਵਧਦੀਆਂ ਗਤੀਵਿਧੀਆਂ ਵਿਚਕਾਰ ਰਾਜਪਾਲ ਦੇ ਇਸ ਦੌਰੇ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

Babushahi.com

ਰਾਜਪਾਲ ਦੇ ਇਸ 2 ਦਿਨਾ ਦੌਰੇ ਨੂੰ ਲੈ ਕੇ ਪੰਜਾਬ ਰਾਜ ਭਵਨ ਨੇ ਸੂਬਾ ਸਰਕਾਰ ਨੂੰ ਪੂਰਾ ਬਿਓਰਾ ਭੇਜ ਦਿੱਤਾ ਹੈ। ਇਸ ਦੌਰੇ ਦਾ ਆਗਾਜ਼ 1 ਫਰਵਰੀ ਤੋਂ ਹੋਵੇਗਾ। ਇਸ ਦੌਰਾਨ ਰਾਜਪਾਲ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਦੇ ਸਰਪੰਚਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨਾਲ ਮੁਲਾਕਾਤ ਕਰਨਗੇ। 2 ਫਰਵਰੀ ਨੂੰ ਰਾਜਪਾਲ ਫਿਰੋਜ਼ਪੁਰ ਵਿੱਚ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਸੂਬਾ ਸਰਕਾਰ ਦੇ ਪੁਲਿਸ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ।

ਇਹ ਬੈਠਕ ਤਕਰੀਬਨ ਇੱਕ ਘੰਟੇ ਤੱਕ ਚੱਲੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਪਾਕਿਸਤਾਨ ਵੱਲੋਂ ਡਰੋਨ, ਨਸ਼ਾ ਅਤੇ ਆਰਮਜ਼ ਸਪਲਾਈ ਦੀਆਂ ਵਧਦੀਆਂ ਘਟਨਾਵਾਂ ਤੇ ਚਰਚਾ ਹੋਵੇਗੀ। ਪਾਕਿਸਤਾਨ ਵੱਲੋਂ ਡਰੋਨ ਦਾ ਦਾਖ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ ਜੋ ਕਿ ਕੇਂਦਰ ਸਰਕਾਰ ਲਈ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

ਕੇਂਦਰੀ ਗ੍ਰਹਿ ਮੰਤਰਾਲਾ ਅਤੇ ਰੱਖਿਆ ਮੰਤਰਾਲਾ ਨੇ ਵੀ ਇਸ ਵਧਦੇ ਦਾਖ਼ਲੇ ਤੇ ਚਿੰਤਾ ਪ੍ਰਗਟ ਕਰਦੇ ਹੋਏ ਬਾਰਡਰ ਤੇ ਐਂਟੀ ਡਰੋਨ ਸਿਸਟਮ ਮਤਲਬ ਡਰੋਨ ਮਾਰ ਡੇਗਣ ਦੀ ਵਿਵਸਥਾ ਨੂੰ ਪੁਖ਼ਤਾ ਕਰਨ ਦੇ ਸੰਕੇਤ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜਪਾਲ ਸਰਪੰਚਾਂ ਅਤੇ ਪ੍ਰਮੁੱਖ ਸ਼ਖ਼ਸ਼ੀਅਤਾਂ ਨਾਲ ਮੁਲਾਕਾਤ ਕਰਕੇ ਜ਼ਮੀਨੀ ਹਕੀਕਤ ਜਾਣਨਗੇ ਤਾਂ ਕਿ ਪਾਕਿਸਤਾਨ ਵੱਲੋਂ ਹੋਣ ਵਾਲੀਆਂ ਗਤੀਵਿਧੀਆਂ ਤੇ ਨਕੇਲ ਕੱਸੀ ਜਾ ਸਕੇ।

1 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਦੌਰੇ ਦੌਰਾਨ ਰਾਜਪਾਲ ਸਵੇਰੇ ਕਰੀਬ 10.25 ਮਿੰਟ ’ਤੇ ਚੰਡੀਗੜ੍ਹ ਦੇ ਰਜਿੰਦਰਾ ਪਾਰਕ ਤੋਂ ਹੈਲੀਕਾਪਟਰ ਦੇ ਜ਼ਰੀਏ ਪਠਾਨਕੋਟ ਦੇ ਏਬੀ ਕਾਲਜ ਪਹੁੰਚਣਗੇ। ਇੱਥੋਂ ਪਠਾਨਕੋਟ ਦੇ ਇੰਪਰੂਵਮੈਂਟ ਟਰੱਸਟ ਆਡੀਟੋਰੀਅਮ ਵਿਚ ਰਾਜਪਾਲ ਸਰਪੰਚਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਮਿਲਣਗੇ। ਇਸ ਤੋਂ ਬਾਅਦ ਗੁਰਦਾਸਪੁਰ ਵਿਚ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ, ਅੰਮ੍ਰਿਤਸਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੀਨੇਟ ਹਾਲ ਵਿਚ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸਰਪੰਚਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨਾਲ ਮੁਲਾਕਾਤ ਹੋਵੇਗੀ।

ਇਸਦੀ ਅਗਲੀ ਕੜੀ ਵਿਚ ਫਾਜ਼ਿਲਕਾ ਵਿਚ ਐੱਮ. ਆਰ. ਕਾਲਜ ਵਿਚ ਅਤੇ ਫਿਰੋਜ਼ਪੁਰ ਵਿਚ ਜੇਨੇਸਿਸ ਡੈਂਟਲ ਕਾਲਜ ਵਿਚ ਸਰਪੰਚਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨਾਲ ਮੁਲਾਕਾਤ ਦਾ ਪ੍ਰਸਤਾਵ ਹੈ। 1 ਫਰਵਰੀ ਨੂੰ ਆਪਣੇ ਦੌਰੇ ਦੌਰਾਨ ਰਾਜਪਾਲ ਦੁਪਹਿਰ ਅਤੇ ਰਾਤ ਦਾ ਭੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੀ ਕਰਨਗੇ। ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚ ਹੀ ਰਾਤ ਨੂੰ ਆਰਾਮ ਹੋਵੇਗਾ, ਜਿਸ ਤੋਂ ਬਾਅਦ ਉਹ ਅਗਲੇ ਦਿਨ ਫਾਜ਼ਿਲਕਾ ਲਈ ਰਵਾਨਾ ਹੋਣਗੇ।

Leave a Reply

Your email address will not be published. Required fields are marked *