ਪਨਬੱਸ ਵਿਚ ਆਊਟਸੋਰਸਿੰਗ ਦੀ ਭਰਤੀ ਦੇ ਵਿਰੋਧ ਵਿਚ ਯੂਨੀਅਨ ਨੇ ਸੜਕਾਂ ਕੀਤੀਆਂ ਜਾਮ

 ਪਨਬੱਸ ਵਿਚ ਆਊਟਸੋਰਸਿੰਗ ਦੀ ਭਰਤੀ ਦੇ ਵਿਰੋਧ ਵਿਚ ਯੂਨੀਅਨ ਨੇ ਸੜਕਾਂ ਕੀਤੀਆਂ ਜਾਮ

ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਕੱਚੇ ਮੁਲਾਜ਼ਮਾਂ ਵੱਲੋਂ ਆਊਟਸੋਰਟਿੰਗ ਦੀ ਭਰਤੀ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਖਰੜ ਵਿਖੇ ਸੂਬੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਊਟਸੋਰਸਿੰਗ ਭਰਤੀ ਬੰਦ ਕਰਨ ਅਤੇ ਹੁਣ ਵਿਧਾਨ ਸਭਾ ਵਿੱਚ ਠੇਕੇਦਾਰ ਬਾਹਰ ਕੱਢਣ ਦੇ ਬਿਆਨ ਦਿੱਤੇ ਜਾ ਰਹੇ ਹਨ।

ਟਰਾਂਸਪੋਰਟ ਵਿਭਾਗ ਪਨਬੱਸ ਅਤੇ ਪੀਆਰਟੀਸੀ ਵਿੱਚ ਆਊਟਸੋਰਸਿੰਗ ਦੀ ਭਰਤੀ ਰਿਸ਼ਵਤ ਲੈ ਕੇ ਕੀਤੀ ਜਾ ਰਹੀ ਹੈ ਜਿਸ ਸਬੰਧੀ ਯੂਨੀਅਨ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਵੀ ਖੁਲਾਸੇ ਕੀਤੇ ਗਏ ਹਨ। ਗੁਜਰਾਤ ਅਤੇ ਹੋਰ ਰਾਜਾਂ ਵਿੱਚ ਆਮ ਆਦਮੀ ਪਾਰਟੀ ਇਹ ਪ੍ਰਚਾਰ ਤੇ ਜ਼ੋਰ ਦੇ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਠੇਕਾ ਭਰਤੀ ਬੰਦ ਕੀਤੀ ਗਈ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ।

ਸ੍ਰੀ ਅਰਵਿੰਦ ਕੇਜਰੀਵਾਲ ਜੀ ਗਾਰੰਟੀ ਦੇ ਰੂਪ ਵਿੱਚ ਬਿਆਨ ਦੇ ਰਹੇ ਹਨ ਕਿ ਬਰਾਬਰ ਕੰਮ ਬਰਾਬਰ ਤਨਖ਼ਾਹ ਲਾਗੂ ਕਰਾਂਗੇ ਪਰ ਪੰਜਾਬ ਵਿੱਚ ਇਸ ਦੇ ਉਲਟ ਟਰਾਂਸਪੋਰਟ ਵਿਭਾਗ ਵਿੱਚ ਪਹਿਲਾਂ ਤੋਂ ਹੀ ਕੱਚੇ ਮੁਲਾਜ਼ਮਾਂ ਤੇ ਦੋ ਤਰ੍ਹਾਂ ਦੀਆਂ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਣ ਨਵੇਂ ਨੌਜਵਾਨਾਂ ਨੂੰ ਮਾਤਰ 9100 ਰੁਪਏ ਤਨਖ਼ਾਹ ਤੇ ਭਰਤੀ ਕਰ ਰਹੀ ਹੈ ਅਤੇ ਪਿਛਲੇ 10-10 ਸਾਲਾਂ ਤੋਂ ਠੇਕੇ ਤੇ ਲੱਗੇ ਮੁਲਾਜ਼ਮਾਂ ਨੂੰ ਨਜਾਇਜ਼ ਕੰਡੀਸ਼ਨਾ ਲਾ ਕੇ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ।

ਪਨਬੱਸ ਨੂੰ ਕੰਪਨੀ ਐਕਟ 1956 ਤਹਿਤ ਕੰਪਨੀ ਤਾਂ ਬਣਾਇਆ ਗਿਆ ਪਰ ਇਸ ਦੇ ਕੋਈ ਵੀ ਸਰਵਿਸ ਰੂਲ ਨਹੀਂ ਬਣਾਏ ਗਏ। ਉਹਨਾਂ ਕਿਹਾ ਕਿ, ਪਿਛਲੇ ਲੰਬੇ ਸਮੇਂ ਤੋਂ ਯੂਨੀਅਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਸਮੇਤ ਹੋਰ ਮੰਗਾਂ ਤੇ ਸੰਘਰਸ਼ ਕਰ ਰਹੀ ਹੈ। ਨਵੀਂ ਬਣੀ ਸਰਕਾਰ ਨਾਲ ਮੀਟਿੰਗਾਂ ਵਿੱਚ ਯੂਨੀਅਨ ਵੱਲੋਂ ਮੁਲਾਜ਼ਮਾਂ ਨੂੰ ਪੱਕਾ ਕਰਨ, ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ, ਤਨਖ਼ਾਹ ਬਰਾਬਰ ਕਰਨ ਸਮੇਤ ਸਾਰੀਆਂ ਜਾਇਜ਼ ਮੰਗਾਂ ਦੇ ਸਾਰੇ ਤਰਕ ਸਬੂਤਾਂ ਸਮੇਤ ਪੇਸ਼ ਕੀਤੇ ਗਏ ਹਨ।

Leave a Reply

Your email address will not be published.