ਨਿਹੰਗ ਨਵੀਨ ਸਿੰਘ ਦੇ ਕਕਾਰ ਲਾਉਣ ਤੇ ਕੁਟਮਾਰ ਕਰਨ ਵਾਲੇ ਮੰਗਣ ਮੁਆਫ਼ੀ: ਦੀਪ ਸਿੱਧੂ

ਬੀਤੇ ਕੱਲ੍ਹ ਪੁਲਿਸ ਨੇ ਨਿਹੰਗ ਨਵੀਨ ਨੂੰ ਜ਼ਮਾਨਤ ਦੇ ਦਿੱਤੀ ਸੀ। ਸਿੰਘੂ ਬਾਰਡਰ ‘ਤੇ ਪਿਛਲੇ ਦਿਨੀਂ ਫੜੇ ਗਏ ਨਿਹੰਗ ਨਵੀਨ ਸਿੰਘ ‘ਤੇ ਇੱਕ ਮਜ਼ਦੂਰ ਵੱਲੋਂ ਮੁਰਗਾ ਚੋਰੀ ਕਰਨ ਦੇ ਇਲਜ਼ਾਮ ਲਾਏ ਗਏ ਸਨ ਅਤੇ ਕਿਹਾ ਗਿਆ ਕਿ ਮੁਰਗਾ ਨਾ ਦੇਣ ‘ਤੇ ਉਸ ਦੀ ਲੱਤ ਤੋੜ ਦਿੱਤੀ ਗਈ ਜਿਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਨੇ ਉਸ ਨੂੰ ਨਕਲੀ ਨਿਹੰਗ ਕਹਿ ਕੇ ਪੁਲਿਸ ਹਵਾਲੇ ਕਰ ਦਿੱਤਾ।

ਹੁਣ ਦੀਪ ਸਿੱਧੂ ਨੇ ਧਰਮ ਨੂੰ ਲੈ ਕੇ ਪੋਸਟ ਸ਼ੇਅਰ ਕੀਤੀ ਹੈ। ਉਹਨਾਂ ਲਿਖਿਆ ਕਿ, ਬਿਨਾ ਸ਼ੱਕ ਪੰਥਕ ਸਿਧਾਂਤਾ ਤੇ ਕਦੇ ਵੀ ਸਮਝੌਤਾ ਨਹੀਂ ਹੋ ਸਕਦਾ, ਮਨੁੱਖ ਕੋਈ ਵੀ ਹੋਵੇ ਪੰਥ ਤੋਂ ਉੱਚਾ ਨਹੀਂ ਹੁੰਦਾ, ਪੰਥ ਸਦਾ ਹੀ ਸਰਬ-ਉੱਚ ਹੈ, ਅਸੀ ਸਿੱਖ ਹੋਣ ਦੇ ਨਾਤੇ ਨਿਰਭਉ ਰਹਿ ਕੇ ਮੁਆਫੀ ਦੇਣ ਦੇ ਸਿਧਾਂਤ ਨੂੰ ਮੰਨਦੇ ਹਨ ਅਤੇ ਨਿਰਵੈਰ ਰਹਿੰਦੇ ਹੋਏ ਕੁੱਲ ਮਨੁੱਖਤਾ ਨੂੰ ਆਪਣੇ ਕਲਾਵੇ ਚ ਲੈਣ ਦੀ ਸਮਰੱਥਾ ਵੀ ਰੱਖਦੇ ਹਾਂ।

ਖਾਸਤੌਰ ਤੇ ਜੇ ਅਸੀਂ ਨਵੀਨ ਸਿੰਘ ਦੇ ਮਸਲੇ ਦੀ ਗੱਲਬਾਤ ਕਰੀਏ ਤਾਂ ਮੈਂ ਸਿਧਾਂਤਕ ਤੌਰ ਤੇ ਯਕੀਨ ਕਰਦਾ ਹਾਂ ਉਸ ਘਟਨਾ ਵਿੱਚ ਸ਼ਾਮਲ ਹਰ ਵਿਅਕਤੀ ਭਾਂਵੇ ਲੱਖਾ ਹੋਵੇ ਜਾਂ ਕੋਈ ਹੋਰ ਜਿਹੜੇ ਉਹ ਸਤਿਥੀ ਪੈਦਾ ਕਰਨ ਲਈ ਸਿੱਧੇ ਜਾ ਅਸਿੱਧੇ ਤੌਰ ਜਿੰਮੇਵਾਰ ਹਨ, ਉਹਨਾਂ ਨੂੰ ਪੰਥ ਕੋਲੋ ਆਪਣੀ ਗਲਤੀ ਦੀ ਭੁੱਲ ਬਖਸ਼ਾਉਣੀ ਚਾਹੀਦੀ ਹੈ। ਪੰਥ ਨਾ ਕੇਵਲ ਉਹਨਾਂ ਨੂੰ ਮੁਆਫ ਕਰੇਗਾ ਸਗੋਂ ਆਪਣੇ ਬਣਾ ਕੇ ਗਲੇ ਵੀ ਲਗਾਵੇਗਾ।
ਪੰਥ ਦੀ ਕਚਿਹਰੀ ਵਿੱਚ ਝੁਕ ਕੇ ਆਉਣ ਵਾਲੇ ਨੂੰ ਹਮੇਸ਼ਾਂ ਮਾਣ ਮਿਲਦਾ ਹੈ। ਇਸ ਤੋਂ ਇਲਾਵਾ ਉਸ ਘਟਨਾ ਵਿੱਚ ਸਾਰੇ ਹੀ ਜਿੰਮੇਵਾਰ ਵਿਅਕਤੀਆਂ ਨੂੰ ਨਵੀਨ ਸਿੰਘ ਕੋਲੋ ਨਿੱਜੀ ਤੌਰ ਤੇ ਵੀ ਮੁਆਫੀ ਮੰਗਣੀ ਚਾਹੀਦੀ ਹੈ ਕਿਉਕੀ ਇਸ ਘਟਨਾ ਨੇ ਨਵੀਨ ਸਿੰਘ ਦੇ ਸਵੈਮਾਣ ਨੂੰ ਬਹੁਤ ਡੂੰਘੀ ਸੱਟ ਮਾਰੀ ਹੈ। “ਖਾਲਸਾ ਪੰਥ” ਨਾਲੋਂ ਕੋਈ ਵੀ ਉੱਚਾ ਨਹੀਂ ਹੋ ਸਕਦਾ ਨਾਂ ਮੈਂ ਨਾਂ ਹੀ ਕੋਈ ਹੋਰ, ਪੰਥਕ ਮਸਲੇ ਚ ਸਿਧਾਂਤ ਦੇ ਉਲਟ ਖੜੇ ਹੋ ਕੇ ਮੈਂ ਕਿਸੇ ਦੀ ਸਫਾਈ ਦੇਣ ਵਾਲਾ ਕੌਣ ਹੁੰਦਾ।
ਮੈਂ ਕਦੇ ਵੀ ਪੰਥ ਦੀ ਨੁਮਾਇੰਦਗੀ ਦਾ ਦਾਅਵਾ ਨਹੀਂ ਕਰਦਾ, ਪਰ ਮੈਂ ਉਹ ਵਿਅਕਤੀ ਹਾਂ ਹੋ ਪੰਥਕ ਸਿਧਾਂਤਾ ਤੋਂ ਪ੍ਰੇਰਨਾ ਲੈਂਦਾ ਹਾਂ ਕਿਉਕੀ ਰੁਹਾਨੀ ਪੱਧਰ ਤੇ ਮੈਨੂੰ ਇਹ ਹੀ ਸਹੀ ਮਹਿਸੂਸ ਹੁੰਦਾ ਹੈ। ਮੈਂਨੂੰ ਯਕੀਨ ਹੈ ਕਿ ਅਸੀਂ ਸਾਰੇ ਸਭ ਕੁਝ ਤਿਆਗ ਕੇ ਓਸ ਗੁਰੂ ਦਾ ਓਟ ਤੱਕਾਂਗੇ, ਨੀਵੇਂ ਹੋ ਕੇ ਹੀ ਗੁਰੂ ਦੀ ਕ੍ਰਿਪਾ ਦਾ ਪਾਤਿਰ ਬਣਿਆ ਜਾ ਸਕਦਾ ਹੈ। ਨਵੀਨ ਸਿੰਘ ਨੇ ਸਾਰੇ ਘਟਨਾਕਰਮ ਦੌਰਾਨ ਚੜਦੀਕਲਾ ਦਾ ਪ੍ਰਗਟਾਵਾ ਕੀਤਾ ਹੈ ਅਸੀਂ ਉਸ ਦੇ ਗੁਰੂ ਪ੍ਰਤੀ ਪ੍ਰੇਮ ਤੇ ਸਿਦਕ ਨੂੰ ਸਿਜਦਾ ਕਰਦੇ ਹਾਂ ਅਤੇ ਇਹ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਇਸੇ ਤਰਾਂ ਹੀ ਆਪਣੇ ਪਿਆਰਿਆ ਕੋਲੋ ਸੇਵਾ ਲੈਂਦੇ ਰਹਿਣ।
