ਨਿਹੰਗ ਅਮਨ ਸਿੰਘ ਖਿਲਾਫ਼ ਨਿਹੰਗ ਜੱਥੇਬੰਦੀਆਂ ਵੀ ਡਟੀਆਂ, ਹੋ ਸਕਦੀ ਹੈ ਸਖ਼ਤ ਕਾਰਵਾਈ

ਕੇਂਦਰੀ ਮੰਤਰੀਆਂ ਨਾਲ ਮੁਲਾਕਾਤਾਂ ਦੀਆਂ ਤਸਵੀਰਾਂ ਵਾਇਰਲ ਹੋਣ ਪਿੱਛੋਂ ਨਿਹੰਗ ਅਮਨ ਸਿੰਘ ਵਿਵਾਦਾਂ ਵਿੱਚ ਘਿਰ ਗਿਆ ਹੈ। ਕਿਸਾਨ ਜੱਥੇਬੰਦੀਆਂ ਦੇ ਨਾਲ-ਨਾਲ ਹੁਣ ਨਿਹੰਗ ਜੱਥੇਬੰਦੀਆਂ ਵੀ ਅਮਨ ਸਿੰਘ ਦੇ ਵਿਰੋਧ ਵਿੱਚ ਆਣ ਖੜੀਆਂ ਹੋਈਆਂ ਹਨ। ਇਹ ਮਾਮਲਾ ਉਦੋਂ ਹੋਰ ਵਧ ਗਿਆ ਜਦੋਂ ਨਿਹੰਗ ਅਮਨ ਸਿੰਘ ਦੇ ਇੱਕ ਸਾਥੀ ਨਵੀਨ ਸੰਧੂ ਵੱਲੋਂ ਸਿੰਘੂ ਬਾਰਡਰ ’ਤੇ ਸਥਾਨਕ ਵਿਅਕਤੀ ਨਾਲ ਤਕਰਾਰ ਮਗਰੋਂ ਉਸ ਦੀ ਕੁੱਟਮਾਰ ਕੀਤੀ ਗਈ। ਇਸ ਕਾਰਨ ਉਸ ਦੀ ਲੱਤ ’ਤੇ ਵੀ ਸੱਟ ਵੱਜੀ।

ਇਸ ਘਟਨਾ ਤੋਂ ਬਾਅਦ ਸੋਨੀਪਤ ਦੇ ਕੁੰਡਲੀ ਥਾਣੇ ਦੀ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਨਵੀਨ ਨੇ ਦੱਸਿਆ ਕਿ ਉਹ ਬਾਬਾ ਅਮਨ ਸਿੰਘ ਕੋਲ ਲੰਗਰ ਤੇ ਘੋੜਿਆਂ ਦੀ ਸੇਵਾ ਕਰ ਰਿਹਾ ਸੀ। ਨਿਹੰਗ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਬਾਬਾ ਮਾਨ ਸਿੰਘ ਦੇ ਹਜ਼ੂਰ ਸਾਹਿਬ ਤੋਂ ਪਰਤਣ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਅਗਲੇ ਇੱਕ-ਦੋ ਦਿਨਾਂ ਦੌਰਾਨ ਅਹਿਮ ਬੈਠਕ ਕੀਤੀ ਜਾਵੇਗੀ।
ਇਸ ਮੁੱਦੇ ’ਤੇ ਨਿਹੰਗ ਬਾਬਾ ਰਾਜਾ ਰਾਮ ਸਿੰਘ ਨੇ ਕਿਹਾ ਕਿ, “ਕੁਝ ਲੋਕ ਨਿਹੰਗਾਂ ਦੇ ਬਾਣੇ ਪਾ ਕੇ ਸਾਨੂੰ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ।” ਉਹਨਾਂ ਅਮਨ ਸਿੰਘ ਨੂੰ ਵੀ ਕਿਹਾ ਕਿ, “ਉਹ ਆਪਣਾ ਪੱਖ ਕਿਉਂ ਨਹੀਂ ਦੱਸ ਰਿਹਾ?” ਉਹਨਾਂ ਕਿਹਾ ਕਿ, “ਅਮਨ ਸਿੰਘ ਨੇ ਬਾਬਾ ਮਾਨ ਸਿੰਘ ਨੂੰ ਵੀ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਬਾਰੇ ਨਹੀਂ ਦੱਸਿਆ ਸੀ।”
ਉਹਨਾਂ ਕਿਹਾ ਕਿ, “ਅਮਨ ਸਿੰਘ ਨੂੰ ਹੁਣੇ ਹੀ ਇੱਥੋਂ ਚਲੇ ਜਾਣਾ ਚਾਹੀਦਾ ਹੈ ਕਿਉਂ ਕਿ ਕੋਈ ਵੀ ਨਿਹੰਗ ਉਸ ਨਾਲ ਸਬੰਧ ਨਹੀਂ ਰੱਖਣਾ ਚਹੁੰਦਾ।” ਉਹਨਾਂ ਕਿਹਾ ਕਿ, “ਨਿਹੰਗਾਂ ਵੱਲੋਂ 27 ਅਕਤੂਬਰ ਨੂੰ ਬੈਠਕ ਕੀਤੀ ਜਾਵੇਗੀ।” ਇਸ ਦੇ ਨਾਲ ਹੀ ਉਹਨਾਂ ਨੇ ਸਾਰੀ ਘਟਨਾ ਦੀ ਜਾਂਚ ਕਰਨ ਦੀ ਗੱਲ ਆਖੀ ਤੇ ਜੇ ਨਿਹੰਗਾਂ ਵੱਲੋਂ ਕੋਈ ਕਮੀ ਪਾਈ ਗਈ ਤਾਂ ਸਜ਼ਾ ਦੇਣ ਦੀ ਗੱਲ ਕਹੀ।
