ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਦਾ 21 ਮਾਰਚ ਨੂੰ ਪੀਐਮ ਨੇ ਕੀਤਾ ਉਦਘਾਟਨ

25 ਮਿਲੀਅਨ ਡਾਲਰ ਵਿੱਚ ਬਣੇ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਦਾ 21 ਮਾਰਚ 2021 ਨੂੰ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਵੱਲੋਂ ਉਦਘਾਟਨ ਕੀਤਾ ਗਿਆ। ਇਸ ਦੌਰਾਨ ਆਪਣੇ ਸੰਬੋਧਨ ਵਿਚ ਪੀਐਮ ਨੇ ਨਿਊਜ਼ੀਲੈਂਡ ਦੀ ਤਰੱਕੀ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਲਈ ਸ਼ਲਾਘਾ ਵੀ ਕੀਤੀ। ਬੀਤੇ 10 ਸਾਲਾਂ ਤੋਂ ਇਸ ਕੰਪਲੈਕਸ ਦੀ ਉਸਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।

1989 ਤੋਂ ਸੁਪਰੀਮ ਸਿੱਖ ਸੋਸਾਇਟੀ ਸੰਸਥਾ ਵੱਲੋਂ ਇੱਥੇ ਸਿੱਖ ਹੈਰੀਟੇਜ ਸਕੂਲ ਦਾ ਪ੍ਰਬੰਧ ਵੀ ਦੇਖਿਆ ਜਾ ਰਿਹਾ ਹੈ। ਹੁਣ ਸਕੂਲ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਇਤ ਕਰਨ ਅਤੇ ਸੁਚੱਜੇ ਜੀਵਨ ਲਈ ਪ੍ਰੇਰਿਤ ਕਰਨ ਲਈ ਇਹ ਕੰਪਲੈਕਸ ਬਣਾਇਆ ਗਿਆ ਹੈ, ਜੋ ਕਿ ਆਪਣੇ ਆਪ ਵਿਚ ਹੀ ਇਤਿਹਾਸਕ ਹੈ।
ਇਸ ਵਿਸ਼ਵ ਪੱਧਰੀ ਬਹੁਮੰਤਵੀ ਕੰਪਲੈਕਸ ਵਿਚ 7 ਵੱਖ-ਵੱਖ ਖੇਡ ਸੈਂਟਰ ਉਸਾਰੇ ਗਏ ਹਨ। ਜਿਨ੍ਹਾਂ ਵਿਚ ਫੀਫਾ ਤੋਂ ਮਨਜ਼ੂਰ ਫੁੱਟਬਾਲ ਗਰਾਊਂਡ, ਹਾਕੀ, ਵਾਲੀਬਾਲ, ਬਾਸਕਟਬਾਲ, ਕ੍ਰਿਕਟ, ਕਬੱਡੀ, 100 ਮੀਟਰ ਰੇਸ ਟਰੈਕ ਆਦਿ ਖੇਡਾਂ ਹਨ। ਇਹ ਸਪੋਰਟਸ ਕੰਪਲੈਕਸ 8.6 ਏਕੜ ਜ਼ਮੀਨ ’ਤੇ ਬਣਾਇਆ ਗਿਆ ਹੈ। ਪੂਰਾ ਖੇਡ ਕੰਪਲੈਕਸ 7 ਵੱਡੀਆਂ ਲਾਈਟਾਂ ਨਾਲ ਰੌਸ਼ਨ ਹੋਵੇਗਾ।
ਇਨ੍ਹਾਂ ਫਲੱਡ ਲਾਈਟਾਂ ਵਿਚ ਇਨ ਬਿਲਟ ਸਾਊਂਡ ਸਿਸਟਮ ਰੱਖਿਆ ਗਿਆ ਹੈ ਤਾਂ ਜੋ ਖੇਡ ਪ੍ਰਬੰਧਕਾਂ ਨੂੰ ਵੱਖ ਤੋਂ ਸਾਊਂਡ, ਮਾਈਕ੍ਰੋਫੋਨ ਅਤੇ ਪਬਲਿਕ ਐਡਰੈਸ ਸਿਸਟਮ ਦਾ ਬੰਦੋਬਸਤ ਨਾ ਕਰਨਾ ਪਵੇ। ਅਪਣੇ ਸਮੇਂ ਮੁਤਾਬਕ ਪੀਐਮ ਸਭ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ, ਟਾਕਾਨੀਨੀ ਵਿਖੇ ਨਤਮਸਤਕ ਹੋਏ ਜਿਸ ਤੋਂ ਬਾਅਦ ਉਹਨਾਂ ਨੇ ਖੇਡ ਸਮਾਗਮਾਂ ਵਿੱਚ ਅਪਣੀ ਹਾਜ਼ਰੀ ਭਰੀ ਜੈਸਿੰਡਾ ਨੇ ਸੰਬੋਧਨ ਕਰਦਿਆਂ ਦਸਿਆ ਕਿ ਬੇਸ਼ੱਕ ਸਾਡੇ ਮੁਲਕ ਵਿੱਚ ਸਿੱਖ ਭਾਈਚਾਰੇ ਦੀ ਗਿਣਤੀ ਬੇਹੱਦ ਘੱਟ ਹੈ ਪਰ ਇਸ ਦੇ ਬਾਵਜੂਦ ਇਹਨਾਂ ਵੱਲੋਂ ਕਮਿਊਨਟੀ ਲਈ ਕੀਤੇ ਜਾ ਰਹੇ ਵੱਡੇ ਕਾਰਜਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਉਹਨਾਂ ਨੇ ਕੋਰੋਨਾ ਵਾਇਰਸ ਦੌਰਾਨ ਸਿੱਖ ਸੁਪਰੀਮ ਸੁਸਾਇਟੀ ਵੱਲੋਂ ਕੀਤੀ ਗਈ ਸੇਵਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸਿੱਖਾਂ ਦੇ ਹਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਤਤਪਰ ਹਨ। ਇਸ ਦੌਰਾਨ ਸਿੱਖ ਸੁਪਰੀਮ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਦਸਿਆ ਕਿ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਪ੍ਰਧਾਨ ਮੰਤਰੀ ਕੋਲ ਪੰਜ ਕਕਾਰਾਂ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਗਈ ਕਿ ਸਿੱਖਾਂ ਨੂੰ ਜਨਤਕ ਥਾਵਾਂ ਤੇ ਪਹਿਨਣ ਲਈ ਕਾਨੂੰਨੀ ਹੱਕ ਦਿੱਤਾ ਜਾਵੇ। ਇਸ ਮੁੱਦੇ ਤੇ ਚਾਰ ਪਾਰਟੀਆਂ ਦੇ ਲੀਡਰਾਂ ਨੇ ਹਾਂ-ਪੱਖੀ ਹਾਮੀ ਭਰੀ।
