News

ਨਵਜੋਤ ਸਿੱਧੂ ਵੱਲੋਂ ਲੈਂਡ ਮਾਫੀਆ ਬਾਰੇ ਵੱਡੇ ਖੁਲਾਸੇ, ਟਵੀਟਾਂ ਦੀ ਲਾਈ ਝੜੀ

ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਤਾਰ ਟਵੀਟ ਕਰਕੇ ਨਿਸ਼ਾਨੇ ਲਾਏ ਹਨ। ਉਹਨਾਂ ਨੇ ਛੇ ਨੁਕਤੇ ਸਾਂਝੇ ਕਰਦਿਆਂ ਕਈ ਸਵਾਲ ਚੁੱਕੇ ਹਨ। ਸਿੱਧੂ ਨੇ ਪੰਜਾਬ ਸਰਕਾਰ ਨੂੰ ਲੈਂਡ ਮਾਫੀਆ ਦਾ ਪਰਦਾਫਾਸ਼ ਕਰਨ ਲਈ ਵੰਗਾਰਿਆ ਹੈ। ਨਵਜੋਤ ਸਿੱਧੂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਕਾਂਗਰਸ ਸਰਕਾਰ ਵੇਲੇ ਕਈ ਖੁਲਾਸੇ ਕੀਤੇ ਸੀ ਪਰ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ। ਨਵਜੋਤ ਸਿੱਧੂ ਨੇ ਹੇਠ ਲਿਖੇ ਖੁਲਾਸੇ ਕੀਤੇ ਹਨ।

1 ਜੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਜੀ ਪੰਜਾਬ ਵਿੱਚ ਲੈਂਡ ਮਾਫੀਆ ਦਾ ਪਰਦਾਫਾਸ਼ ਤੇ ਇਸ ਨੂੰ ਖਾਤਮਾ ਕਰਨ ਲਈ ਸੱਚਮੁੱਚ ਗੰਭੀਰ ਹਨ ਤਾਂ ਮੈਂ ਉਹਨਾਂ ਨੂੰ ਕੈਬਨਿਟ ਸਬ-ਕਮੇਟੀ ਦੀ ਰਿਪੋਰਟ ਤੇ ਕਾਰਵਾਈ ਕਰਨ ਦੀ ਬੇਨਤੀ ਕਰਦਾ ਹਾਂ, ਜੋ ਮੈਂ ਮੰਤਰੀ ਹੁੰਦਿਆਂ ਤਤਕਾਲੀਨ ਮੁੱਖ ਮੰਤਰੀ ਨੂੰ ਸੌਂਪੀ ਸੀ। ਇਸ ਕਦਮ ਦੀ ਮੈਂ ਸਭਤੋਂ ਪਹਿਲਾਂ ਤਾਰੀਫ਼ ਕਰਾਂਗਾ।

2 ਇਸ ਵਿੱਚ ਲੱਖਾਂ ਕਰੋੜ ਰੁਪਏ ਦੀ ਨਜਾਇਜ਼ ਕਬਜ਼ੇ ਵਾਲੀਆਂ ਸਰਕਾਰੀ ਜ਼ਮੀਨਾਂ ਨੂੰ ਵਾਪਸ ਲੈਣ ਲਈ ਬੇਰੋਕ ਮੁਹਿੰਮ ਦੇ ਵੇਰਵੇ ਸਾਂਝੇ ਕੀਤੇ ਗਏ ਹਨ। ਅਪ੍ਰੈਲ 2019 ਵਿੱਚ ਜ਼ਮੀਨੇ ਹੜੱਪਣ ਦੇ ਬਹੁਤ ਵੱਡੇ ਘੁਟਾਲੇ ਦੀ ਜਾਂਚ ਲਈ ਮੇਰੀ ਪ੍ਰਧਾਨਗੀ ਹੇਠ ਕੈਬਨਿਟ ਸਬ-ਕਮੇਟੀ ਨੇ ਜ਼ਮੀਨ ਹੜੱਪਣ ਦੇ ਬਹੁਤ ਵੱਡੇ ਘੁਟਾਲੇ ਬਾਰੇ ਇੱਕ ਵਿਸਤ੍ਰਿਤ ਰਿਪੋਰਟ ਸੌਂਪੀ ਸੀ।

3 ਇਸ ਰਿਪੋਰਟ ਵਿੱਚ ਰਜਿਸਟਰੀਆਂ ਤੇ ਪਾਬੰਦੀ ਲਾ ਕੇ, ਡਿਜੀਟਾਈਜ਼ੇਸ਼ਨ, ਖਸਰਾ, ਈ-ਗਵਰਨੈਂਸ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਮਾਸਟਰ ਡੇਟਾ ਤਿਆਰ ਕਰਕੇ ਜ਼ਮੀਨ ਵਾਪਸ ਲੈਣ ਤੇ ਭੂ-ਮਾਫੀਆ ਨੂੰ ਖਤਮ ਕਰਨ ਲਈ ਇੱਕ ਰੋਡਮੈਪ ਦਿੱਤਾ ਗਿਆ ਸੀ। ਅਫ਼ਸੋਸ! ਕਿ ਉਸ ਸਮੇਂ ਦੇ ਮੁੱਖ ਮੰਤਰੀ ਜੋ ਖੁਦ ਮਾਫੀਆ ਦਾ ਹਿੱਸਾ ਸਨ, ਨੇ ਇਸ ਤੇ ਕਾਰਵਾਈ ਨਹੀਂ ਕੀਤੀ ਤੇ ਇਸ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ।

4 ਲੱਖਾਂ ਏਕੜ ਸਰਕਾਰੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਹਨ। ਜਿਸ ਵਿੱਚ ਪਿੰਡ ਸ਼ਾਮਲਾਟ, ਜੰਗਲਾਤ, ਸਿੰਚਾਈ ਵਿਭਾਗ ਦੀ ਜ਼ਮੀਨ ਤੇ ਮਿਉਂਸਪਲ ਜ਼ਮੀਨ ਆਦਿ ਸ਼ਾਮਲ ਹਨ। ਡਾ. ਚੰਦਰ ਸ਼ੇਖਰ ਤੇ ਜਸਟਿਸ ਕੁਲਦੀਪ ਸਿੰਘ ਦੀਆਂ ਰਿਪੋਰਟਾਂ ਨੇ ਇਸ ਦਾ ਖੁਲਾਸਾ ਕੀਤਾ ਤੇ ਨੀਤੀਗਤ ਸੁਝਾਅ ਵੀ ਦਿੱਤੇ ਹਨ ਜਿਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

5 ਕੈਬਨਿਟ ਸਬ-ਕਮੇਟੀ ਰਿਪੋਰਟ ਨੇ ਜ਼ਮੀਨ ਘੁਟਾਲੇ ਦਾ ਪਰਦਾਫਾਸ਼ ਕੀਤਾ ਤੇ ਸਾਹਮਣੇ ਆਏ ਸੱਚ ਵਿੱਚ ਸਰਕਾਰ ਦੁਆਰਾ ਲੀਜ਼ ‘ਤੇ ਦਿੱਤੀ ਗਈ ਲੱਖਾਂ ਕਰੋੜ ਦੀ ਜ਼ਮੀਨ ਦਾ ਰਿਕਾਰਡ ਲਾਪਤਾ ਹੋਣ, G8 ਪ੍ਰਾਪਰਟੀ ਟੈਕਸ ਲੀਕੇਜ, ਇੰਪਰੂਵਮੈਂਟ ਟਰੱਸਟ ਦੇ ਰਿਕਾਰਡਾਂ ਵਿੱਚ ਗੜਬੜੀਆਂ (ਇਕੱਲੇ ਅੰਮ੍ਰਿਤਸਰ ਵਿੱਚ 100 ਕਰੋੜ ਤੋਂ ਵੱਧ ਲੱਭੀਆਂ ਗਈਆਂ), ਕੋਈ ਆਡਿਟ ਨਾ ਹੋਣ, ਕੋਈ ਕੈਸ਼ ਬੁੱਕ ਐਂਟਰੀਆਂ ਨਾ ਹੋਣ ਬਾਰੇ ਪਤਾ ਲੱਗਾ ਸੀ। ਮੈਂ ਮੁੱਖ ਮੰਤਰੀ ਪੰਜਾਬ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਬੇਨਤੀ ਕਰਦਾ ਹਾਂ।  

6 ਮੈਂ ਪਿਛਲੇ ਕਈ ਸਾਲਾਂ ਤੋਂ ਸਪੱਸ਼ਟ ਤੌਰ ‘ਤੇ ਕਹਿੰਦਾ ਆ ਰਿਹਾ ਹਾਂ ਕਿ ਭੂ-ਮਾਫੀਆ ਨੂੰ ਸਿਆਸਤਦਾਨਾਂ, ਨੌਕਰਸ਼ਾਹਾਂ ਤੇ ਸਰਕਾਰੀ ਕਰਮਚਾਰੀਆਂ ਦੀ ਸਰਪ੍ਰਸਤੀ ਪ੍ਰਾਪਤ ਹੈ। ਲੱਖਾਂ ਕਰੋੜਾਂ ਦਾ ਇਹ ਘਪਲਾ, ਪੰਜਾਬ ਦਾ ਸਭ ਤੋਂ ਵੱਡਾ ਘਪਲਾ ਹੈ। ਜੇਕਰ ‘ਆਪ’ ਸਰਕਾਰ ਸੱਚਮੁੱਚ ਗੰਭੀਰ ਹੈ ਤਾਂ ਉਸ ਨੂੰ ਇਸ ਘਪਲੇ ਵਿਚ ਸ਼ਾਮਲ ਹਰ ਵਿਅਕਤੀ ਦਾ ਨਾਂ ਲੈਣਾ ਚਾਹੀਦਾ ਹੈ, ਸਿਰਫ਼ ਫੋਟੋਆਂ ਖਿਚਾਉਣਾ ਤੇ ਐਲਾਨ ਕਰਨੇ ਹੀ ਕਾਫ਼ੀ ਨਹੀਂ ਹਨ।

Click to comment

Leave a Reply

Your email address will not be published.

Most Popular

To Top