ਨਵਜੋਤ ਸਿੱਧੂ ਨੇ ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਕੁਮਾਰ ਨਾਲ ਕੀਤੀ ਮੁਲਾਕਾਤ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਤਹਿਤ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਕੁਮਾਰ ਨਾਲ ਮੁਲਾਕਾਤ ਕੀਤੀ। ਨਵਜੋਤ ਸਿੰਘ ਨੇ ਅਸ਼ਵਨੀ ਕੁਮਾਰ ਨਾਲ ਦਿੱਲੀ ਵਿਖੇ ਉਹਨਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ। ਦੱਸ ਦਈਏ ਕਿ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਬੀਤੇ ਦਿਨ ਪਹਿਲੀ ਵਾਰ ਹਾਈਕਮਾਨ ਨਾਲ ਮੁਲਾਕਾਤ ਲਈ ਦਿੱਲੀ ਪਹੁੰਚੇ ਸਨ।

ਇਸ ਦੌਰਾਨ ਉਹਨਾਂ ਦਿੱਲੀ ਵਿਖੇ ਸੀਨੀਅਰ ਆਗੂ ਅੰਬਿਕਾ ਸੋਨੀ ਨਾਲ ਵੀ ਮੁਲਾਕਾਤ ਕੀਤੀ ਸੀ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅੱਜ ਜਲੰਧਰ ਵਿਖੇ ਕਾਂਗਰਸ ਭਵਨ ਵਿੱਚ ਪਹੁੰਚ ਰਹੇ ਹਨ, ਜਿਥੇ ਉਹ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰਨਗੇ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਪੰਜ ਅਹਿਮ ਮੁੱਦਿਆਂ ਤੇ ਛੇਤੀ ਹੱਲ ਲਈ ਜ਼ੋਰ ਦਿੱਤਾ ਸੀ।
ਉੱਥੇ ਹੀ ਹਾਈਕਮਾਨ ਨਾਲ ਬੈਠਕ ਦੌਰਾਨ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੁਨਰਗਠਨ ਬਾਰੇ ਜਲਦੀ ਫ਼ੈਸਲਾ ਲੈਣ ਦੀ ਬੇਨਤੀ ਕਰਨਗੇ। ਕਮੇਟੀ ਨੂੰ ਜਨਵਰੀ 2020 ਵਿੱਚ ਭੰਗ ਕਰ ਦਿੱਤਾ ਗਿਆ ਸੀ। ਹੁਣ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਸਿਰਫ ਛੇ ਮਹੀਨੇ ਬਾਕੀ ਹਨ। ਇਸ ਲਈ ਅਜਿਹੀ ਸਥਿਤੀ ਵਿੱਚ ਪਾਰਟੀ ਦੇ ਇੱਕ ਮਜ਼ਬੂਤ ਢਾਂਚੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਤੋਂ ਇਲਾਵਾ ਸਿੱਧੂ ਨੇ ਸੂਬਾਈ ਇਕਾਈ ਵਿੱਚ ਫੇਰ-ਬਦਲ ਦੇ ਵੀ ਸੰਕੇਤ ਦਿੱਤੇ ਹਨ, ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਮੁੱਦੇ ‘ਤੇ ਹਾਈ ਕਮਾਂਡ ਨਾਲ ਵੀ ਚਰਚਾ ਕਰਨਗੇ।
