ਨਵਜੋਤ ਸਿੱਧੂ ਨੇ ਕਰਤਾ ਵੱਡਾ ਧਮਾਕਾ, ਬੇਅਦਬੀ ਮਾਮਲੇ ‘ਚ ਕੈਪਟਨ ਤੋਂ ਮੰਗੇ ਸਵਾਲਾਂ ਦੇ ਜਵਾਬ

ਹਾਈਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਨੂੰ ਖਾਰਿਜ਼ ਕਰਨ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਤੋਂ ਬਾਅਦ, ਬੇਅਦਬੀ ਮਾਮਲਿਆਂ ਵਿੱਚ ਕੈਪਟਨ ਸਰਕਾਰ ਕਸੂਤੀ ਘਿਰ ਗਈ ਹੈ। ਵਿਰੋਧੀ ਧਿਰਾਂ ਤੋਂ ਇਲਾਵਾ ਹੁਣ ਕਾਂਗਰਸੀਆਂ ਨੇ ਹੀ ਕੈਪਟਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕੋਈ ਸਿੱਧੇ ਅਤੇ ਕੋਈ ਅਸਿੱਧੇ ਢੰਗ ਨਾਲ ਕੈਪਟਨ ਤੋਂ ਕਾਰਵਾਈ ਮੰਗ ਰਿਹਾ ਹੈ।

ਰਵਨੀਤ ਬਿੱਟੂ, ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਨਵਜੋਤ ਸਿੱਧੂ ਦਾ ਨਾਮ ਵੀ ਇਸ ਸੂਚੀ ਵਿੱਚ ਉੱਪਰਲੇ ਨੰਬਰ ਤੇ ਹੈ। ਨਵਜੋਤ ਸਿੱਧੂ ਲਗਾਤਾਰ ਇਸ ਬਾਬਤ ਅਸਿੱਧੇ ਤੌਰ ’ਤੇ ਆਪਣੀ ਹੀ ਸਰਕਾਰ ਨੁੰ ਘੇਰਨ ਵਿੱਚ ਲੱਗੇ ਹੋਏ ਹਨ। ਨਵਜੋਤ ਸਿੱਧੂ ਨੇ ਹੁਣ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਰਾਹੀਂ ਬੇਅਦਬੀ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸਿੱਧੂ ਨੇ ਵਿਧਾਨ ਸਭਾ ਵਿੱਚ ਬੇਅਦਬੀ ਮਾਮਲਿਆਂ ਨੁੰ ਲੈ ਕੇ ਹੋਈ ਬਹਿਸ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।

ਸਿੱਧੂ ਨੇ ਵੀਡੀਓ ਸ਼ੇਅਰ ਕਰਦੇ ਆਪਣੀ ਪੋਸਟ ਵਿੱਚ ਲਿਖਿਆ ਕਿ, ਇੱਕ ਹਾਈਕੋਰਟ ਜੱਜ (ਸੇਵਾ ਮੁਕਤ) ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਨੇ ਸ਼ਰੇਆਮ ਹੋਏ ਗੰਭੀਰ ਜ਼ੁਰਮ ਸੰਬੰਧੀ ਪ੍ਰਤੱਖ ਦਿਸਦੇ (prima facie) ਸਬੂਤ ਪੇਸ਼ ਕੀਤੇ ਤੇ ਗੁਨਾਹਗਾਰਾਂ ਦੇ ਨਾਮ ਵੀ ਦੱਸੇ। ਲੋਕਾਂ ਨੇ ਗੁਹਾਰ ਲਾਈ… ਵਿਧਾਨ ਸਭਾ ਨੇ ਮੰਗ ਉਠਾਈ… ਮੈਂ ਵੀ ਝੋਲੀ ਅੱਡੀ… ਪਰ ਫਿਰ ਵੀ… ਰਿਪੋਰਟ ਤੋਂ ਬਾਅਦ ਦਰਜ ਐਫ.ਆਈ.ਆਰ ‘ਚ ਕੋਈ ਨਾਮ ਨਹੀਂ ਪਾਇਆ ਗਿਆ, ਕਿਉਂ ? ਕਿਸ ਨੇ ਇਸ ਕੇਸ ਦਾ ਲੱਕ ਭੰਨ੍ਹਿਆ ?
ਜੀ ਹਾਂ ਨਵਜੋਤ ਸਿੱਧੂ ਦੇ ਇਹ ਬੋਲ ਹੁਣ ਸੂਬੇ ਦੀ ਕੈਪਟਨ ਸਰਕਾਰ ’ਤੇ ਵੱਡੇ ਸਵਾਲ ਖੜੇ ਕਰ ਰਹੇ ਹਨ। ਸਭ ਤੋਂ ਵੱਡੀ ਗੱਲ ਜੋ ਇਸ ਪੋਸਟ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਕਿ ਐੱਫ.ਆਈ.ਆਰ. ਵਿੱਚ ਕਿਸੇ ਦਾ ਵੀ ਕੋਈ ਨਾਮ ਨਹੀਂ ਪਾਇਆ ਗਿਆ ਹੈ ਜਦਕਿ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਜਾਂਚ ਕਮਿਸ਼ਨ ਦੀ ਰਿਪੋਰਟ ਵਿੱਚ ਦੋਸ਼ੀਆ ਦੇ ਨਾਮ ਦੱਸੇ ਗਏ ਸੀ। ਉਧਰ ਨਵਜੋਤ ਸਿੱਧੂ ਨੇ ਉਹ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਪਰ ਵਿਧਾਨ ਸਭਾ ਵਿੱਚ ਕਾਰਵਾਈ ਦੀ ਮੰਗ ਕਰਦੇ ਸੁਣਾਏ ਦੇ ਰਹੇ ਹਨ।
ਫਿਲਹਾਲ ਹੁਣ ਸਿੱਧੂ ਦੇ ਇਨਾਂ ਬਿਆਨਾਂ ਤੋਂ ਬਾਅਦ ਵਿਰੋਧੀਆਂ ਨੂੰ ਕੈਪਟਨ ਸਰਕਾਰ ਖਿਲਾਫ ਇੱਕ ਨਵਾਂ ਮੁੱਦਾ ਜ਼ਰੂਰ ਮਿਲ ਗਿਆ ਹੈ। ਬੇਅਦਬੀ ਮਾਮਲਾ ਕਰੀਬ 6 ਸਾਲ ਤੋਂ ਲਟਕ ਰਿਹਾ ਹੈ ਪਰ ਹਾਲੇ ਵੀ ਦੋਸ਼ੀਆਂ ਦੇ ਨਾਮ ਸਾਹਮਣੇ ਨਹੀਂ ਆਏ ਹਨ। ਹਾਲਾਂਕਿ ਵਿਰੋਧੀ ਧਿਰਾਂ ਬੇਅਦਬੀ ਮਾਮਲਿਆਂ ਅਤੇ ਕੋਟਕਪੂਰਾ ਗੋਲੀਕਾਂਡ ਲਈ ਲਗਾਤਾਰ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ।
ਪਰ ਦੂਜੇ ਪਾਸੇ ਬਾਦਲ ਪਰਿਵਾਰ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਬਦਲਾਖੋਰੀ ਦੀ ਰਾਜਨੀਤੀ ਕਰਾਰ ਦੇ ਰਿਹਾ ਹੈ। ਫਿਲਹਾਲ ਮਾਮਲਾ ਕਿਸੇ ਪਾਸਿਓਂ ਵੀ ਸੁਲਝਦਾ ਨਜ਼ਰ ਨਹੀਂ ਆ ਰਿਹਾ। ਚੋਣਾਂ ਦੀਆਂ ਤਰੀਕਾਂ ਦੁਬਾਰਾ ਤੋਂ ਨੇੜੇ ਆ ਗਈਆਂ ਹਨ।
ਇੰਝ ਲੱਗ ਰਿਹਾ ਹੈ ਕਿ ਇਸ ਵਾਰ ਵੀ ਵੱਡਾ ਚੋਣ ਮੁੱਦਾ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਹੀ ਰਹਿਣ ਵਾਲੀਆਂ ਹਨ ਅਤੇ ਸਿਆਸੀ ਧਿਰਾਂ ਇਸ ਮੁੱਦੇ ਨੂੰ ਕੈਸ਼ ਕਰਨ ’ਤੇ ਪੂਰਾ ਜ਼ੋਰ ਲਾਉਣਗੀਆਂ ਪਰ ਇਸ ਤੋਂ ਪਹਿਲਾਂ ਪੰਜਾਬ ਦੀ ਕਾਂਗਰਸ ਸਰਕਾਰ ਵਿੱਚੋਂ ਉੱਠ ਰਹੇ ਨਵਜੋਤ ਸਿੱਧੂ ਵਰਗੇ ਬਗਾਵਤੀ ਬੋਲਾਂ ਦਾ ਕੀ ਬਣੇਗਾ ਇਸ ਬਾਰੇ ਅੰਦਾਜ਼ਾ ਲਾਉਣਾ ਫਿਲਹਾਲ ਲਈ ਮੁਸ਼ਕਿਲ ਹੈ।
