ਨਵਜੋਤ ਸਿੱਧੂ ਦੀ ਬਿਆਨਬਾਜ਼ੀ ਕਾਰਨ ਭਖਿਆ ਮਾਮਲਾ, ਹੋਵੇਗੀ ਕਾਰਵਾਈ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਤਕਰਾਰ ਦਿਨੋਂ ਦਿਨ ਵਧਦੀ ਜਾ ਰਹੀ ਹੈ। ਪਿਛਲੇ ਦਿਨਾਂ ’ਚ ਕੈਪਟਨ ਅਤੇ ਨਵਜੋਤ ਸਿੱਧੂ ਦੀਆਂ ਹੋਈਆਂ ਬੈਠਕਾਂ ਤੋਂ ਇੰਝ ਜਾਪਦਾ ਸੀ ਕਿ ਵਿਗੜੇ ਰਿਸ਼ਤੇ ਫਿਰ ਤੋਂ ਇਕ ਹੋ ਜਾਣਗੇ ਪਰ ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਬੇਅਦਬੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਚੁੱਕੇ ਗਏ ਸਵਾਲਾਂ ਨੂੰ ਲੈ ਕੇ ਮਾਮਲਾ ਹੋ ਭੱਖ ਗਿਆ।

ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਸਿੱਧੂ ਵੱਲੋਂ ਅਪਣੀ ਹੀ ਕਾਂਗਰਸ ਪਾਰਟੀ ਖਿਲਾਫ਼ ਝੰਡਾ ਚੁੱਕਣ ਮਗਰੋਂ ਪੰਜਾਬ ਦੇ ਕਈ ਲੀਡਰ ਨਾਰਾਜ਼ ਹਨ। ਨਵਜੋਤ ਸਿੱਧੂ ਦੇ ਚੁੱਕੇ ਗਏ ਸਵਾਲਾਂ ਨੂੰ ਲੈ ਕੇ ਮੁੱਖ ਮੰਤਰੀ ਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਦਬਾਅ ਬਣਾਇ ਜਾ ਰਿਹਾ ਹੈ ਕਿ ਉਹ ਕੋਈ ਕਾਰਵਾਈ ਕਰਨ।
ਕਾਂਗਰਸ ਪਾਰਟੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਸਿੱਧੂ ਦੀ ਬਿਆਨਬਾਜ਼ੀ ਦਾ ਨੁਕਸਾਨ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਝੱਲਣਾ ਪੈ ਸਕਦਾ ਹੈ। ਕਾਂਗਰਸੀ ਲੀਡਰ ਮੰਗ ਕਰ ਰਹੇ ਹਨ ਸਿੱਧੂ ਤੇ ਜਲਦ ਕਾਰਵਾਈ ਕਰ ਕੇ ਕੋਈ ਠੋਸ ਫ਼ੈਸਲਾ ਲੈਣਾ ਚਾਹੀਦਾ ਹੈ। ਉੱਥੇ ਹੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਬਿਲਕੁੱਲ ਗ਼ਲਤ ਹੈ।
ਹੁਣ ਹਾਈਕਮਾਨ ਦੇ ਹੁਕਮ ਮੁਤਾਬਕ ਹੀ ਸਿੱਧੂ ਖਿਲਾਫ਼ ਕਾਰਵਾਈ ਹੋਵੇਗੀ। ਸਿੱਧੂ ਦੀ ਬਿਆਨਬਾਜ਼ੀ ਤੇ ਟਵੀਟਸ ਨੂੰ ਲੈ ਕੇ ਇੱਕ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਹ ਰਿਪੋਰਟ ਜਲਦ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਸੌਂਪਿਆ ਜਾਏਗਾ। ਰਿਪੋਰਟ ਵਿਚ ਲਗਪਗ 8 ਅਜਿਹੇ ਨੁਕਤੇ ਹਨ, ਜਿਨ੍ਹਾਂ ਵਿਚ ਸਿੱਧੂ ਨੇ ਸਰਕਾਰ ਤੇ ਸਵਾਲ ਚੁੱਕੇ ਸੀ।
