ਨਵੀਂ ਸਿੱਟ ਦਾ ਖ਼ੁਲਾਸਾ, ਡੇਰਾ ਪ੍ਰੇਮੀਆਂ ਨੇ ਹੀ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਬੇਅਦਬੀ ਮਾਮਲਿਆਂ ਨੂੰ ਲੈ ਕੇ ਨਵੀਂ ਬਣੀ ਸਿੱਟ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਸੂਤਰਾਂ ਮੁਤਾਬਕ ਡੇਰਾ ਪ੍ਰੇਮੀਆਂ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਅਤੇ ਇਹ ਸਭ ਕੁੱਝ ਡੇਰਾ ਮੁਖੀ ਰਾਮ ਰਹੀਮ ਦੇ ਹੋਏ ਅਪਮਾਨ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਆਈ.ਜੀ. ਪਰਮਾਰ ਦੀ ਅਗਵਾਈ ਵਾਲੀ ਐੱਸ.ਆਈ.ਟੀ. ਨੇ ਇਹ ਖੁਲਾਸਾ ਕੀਤਾ ਹੈ।

ਸੂਤਰਾਂ ਮੁਤਾਬਕ 6 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਤੋਂ ਹੋਈ। ਪੁੱਛਗਿਛ ਵਿੱਚ ਇਹ ਵੱਡੇ ਖੁਲਾਸੇ ਸਾਹਮਣੇ ਆਏ ਹਨ ਕਿ ਡੇਰਾ ਪ੍ਰੇਮੀਆਂ ਨੇ ਬਦਲੇ ਦੀ ਭਾਵਨਾ ਤਹਿਤ ਹੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦੀ ਜਾਂਚ ਵਿੱਚ ਵੀ ਅਜਿਹੇ ਹੀ ਤੱਥ ਸਾਹਮਣੇ ਆਏ ਸੀ।
ਜ਼ਿਕਰਯੋਗ ਹੈ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਏ ਸੀ। ਜਿਸ ਮਾਮਲੇ ਵਿਚ ਐਫਆਈਆਰ ਨੰਬਰ 63/2015 ਦਰਜ ਕੀਤੀ ਗਈ ਸੀ, ਜਿਸ ਮੁਤਾਬਕ ਸੱਤ ਡੇਰਾ ਪ੍ਰੇਮੀਆਂ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਕਿ ਬਾਅਦ ਵਿੱਚ ਹਾਈਕੋਰਟ ਤੋਂ ਰਾਹਤ ਮਿਲ ਚੁੱਕੀ ਹੈ।

ਇਸ ਤੋਂ ਇਲਾਵਾ 24 ਸਤੰਬਰ 2015 ਨੂੰ ਪਿੰਡ ਜਵਾਹਰ ਸਿੰਘ ਵਾਲਾ ਚ ਧਮਕੀ ਭਰੇ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਲਗਾਏ ਗਏ ਸਨ, ਜਿਸ ਵਿੱਚ ਐਫਆਈਆਰ 117/2015 ਦਰਜ਼ ਕੀਤੀ ਗਈ ਸੀ ਅਤੇ ਇਸ ਘਟਨਾ ਤੋਂ ਬਾਅਦ 12 ਅਕਤੂਬਰ 2015 ਨੂੰ ਪਿੰਡ ਬਰਗਾੜੀ ਵਿਖੇ ਪਾਵਨ ਸਰੂਪਾਂ ਦੇ ਅੰਗ ਗਲੀਆਂ ’ਚ ਖਿਲਰੇ ਮਿਲੇ ਸਨ, ਜਿਸ ਨੂੰ ਲੈ ਕੇ ਐਫਆਈਆਰ ਨੰਬਰ 128/2015 ਦਰਜ ਕੀਤੀ ਗਈ ਸੀ ਅਤੇ ਹੁਣ ਜਿਨ੍ਹਾਂ ਛੇ ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ।
ਉਹ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਨੂੰ ਲੈ ਕੇ ਨਾਮਜ਼ਦ ਕੀਤੇ ਗਏ ਹਨ। ਬੀਤੇ ਕੱਲ੍ਹ ਯਾਨੀ ਮੰਗਲਵਾਰ ਨੂੰ ਬੇਅਦਬੀਆਂ ਦੇ 6 ਸਾਲ ਪੂਰੇ ਹੋਣ ਤੋਂ ਬਾਅਦ ਨਵੀਂ ਬਣੀ ਐੱਸ.ਆਈ.ਟੀ. ਨੇ ਇਹ ਵੱਡਾ ਖੁਲਾਸਾ ਕੀਤਾ ਹੈ ਕਿ ਇਹ ਬੇਅਦਬੀ ਡੇਰਾ ਪ੍ਰੇਮੀਆਂ ਨੇ ਹੀ ਕੀਤੀ ਸੀ, ਅਤੇ ਇਹ ਸਭ ਕੁੱਝ ਬਲਾਤਕਾਰੀ ਰਾਮ ਰਹੀਮ ਦੇ ਅਪਮਾਨ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ।
ਦੱਸ ਦਈਏ ਕਿ ਬੀਤੇ ਕੁੱਝ ਸਮੇਂ ਤੋਂ ਜਦੋਂ ਤੋਂ ਹਾਈਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐੱਸ.ਆਈ.ਟੀ. ਦੀ ਜਾਂਚ ਰਿਪੋਰਟ ਨੂੰ ਰੱਦ ਕੀਤਾ ਗਿਆ ਉਦੋਂ ਹੀ ਇਸ ਮਾਮਲੇ ਨੂੰ ਲੈ ਕੇ ਵੱਡਾ ਘਮਸਾਣ ਮਚਿਆ ਹੋਇਆ, ਨਾ ਸਿਰਫ ਸਿੱਖ ਸੰਗਤਾਂ ਸਗੋਂ ਸੱਤਾਧਿਰ ਕਾਂਗਰਸ ਦੇ ਆਪਣੇ ਹੀ ਲੀਡਰ ਮੁੱਖ ਮੰਤਰੀ ਕੈਪਟਨ ਤੇ ਉਂਗਲਾਂ ਚੁੱਕ ਰਹੇ ਹਨ ਅਤੇ ਇਨਸਾਫ ਦੀ ਮੰਗ ਕਰ ਰਹੇ ਹਨ।
ਪਰ ਹਾਲੇ ਤੱਕ ਵੀ ਇਸ ਮਾਮਲੇ ਵਿੱਚ ਕੋਈ ਵੀ ਆਸ ਦੀ ਕਿਰਨ ਨਜ਼ਰ ਨਹੀਂ ਆਈ ਹੈ ਅਤੇ ਹੁਣ ਇਸ ਖੁਲਾਸੇ ਤੋਂ ਬਾਅਦ ਸਿਆਸਤ ਮੁੜ ਤੋਂ ਭਖਣ ਦੇ ਆਸਾਰ ਬਣ ਗਏ ਹਨ।
