ਨਰਮਾ ਮੁਆਵਜ਼ੇ ਲਈ ਵਿੱਤ ਮੰਤਰੀ ਦੀ ਰਿਹਾਇਸ਼ ਅੱਗੇ ਕਿਸਾਨਾਂ ਦਾ ਧਰਨਾ, ਸਰਕਾਰ ਨੇ ਮੀਟਿੰਗ ਲਈ ਭੇਜੀ ਚਿੱਠੀ

ਨਰਮੇ ਨੂੰ ਗੁਲਾਬੀ ਸੁੰਢੀ ਪੈਣ ਕਾਰਨ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਖਰਾਬ ਨਰਮੇ ਦੇ ਮੁਆਵਜ਼ੇ ਲਈ ਮੀਟਿੰਗ ਰੱਦ ਹੋਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਿਸਾਨ ਕਾਰਕੁਨਾਂ ਵੱਲੋਂ ਵਿੱਤ ਮੰਤਰੀ ਦੇ ਬੂਹੇ ਤੇ ਪੱਕਾ ਮੋਰਚਾ ਲਾਉਂਦੇ ਸਾਰ ਸਰਕਾਰ ਵੱਲੋਂ ਮੀਟਿੰਗ ਲਈ ਚਿੱਠੀ ਭੇਜੀ ਗਈ ਹੈ।

ਮੁੱਖ ਮੰਤਰੀ ਦੇ ਵਧੀਕ ਪ੍ਰਿੰਸੀਪਲ ਸਕੱਤਰ ਵੱਲੋਂ ਜਾਰੀ ਚਿੱਠੀ ਵਿੱਚ ਨਰਮਾ ਖਰਾਬ ਦੇ ਮੁਆਵਜ਼ੇ ਤੇ ਧਰਨਾ ਲਾਈ ਬੈਠੇ ਕਿਸਾਨਾਂ ਨਾਲ ਵਿਚਾਰ ਵਟਾਂਦਰੇ ਲਈ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਨਾਲ 13 ਅਕਤੂਬਰ ਨੂੰ ਸਾਢੇ 12 ਵਜੇ ਦਫ਼ਤਰ, ਚੰਡੀਗੜ੍ਹ ਬੁਲਾਇਆ ਗਿਆ ਹੈ।
ਦੱਸ ਦਈਏ ਕਿ ਕਿਸਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਤੋਂ ਮੀਟਰ ਦੂਰ ਬੈਠੇ ਸਨ। ਉਨ੍ਹਾਂ ਨੇ ਵੀਰਵਾਰ ਨੂੰ ਦੋ ਘੰਟਿਆਂ ਲਈ ਮਨਪ੍ਰੀਤ ਦੀ ਰਿਹਾਇਸ਼ ਦਾ ਘਿਰਾਓ ਕੀਤਾ ਸੀ। ਕਿਸਾਨ ਗੁਲਾਬੀ ਸੁੰਢੀ ਕਾਰਨ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਲਈ ਪ੍ਰਤੀ ਏਕੜ 60,000 ਰੁਪਏ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ, ਉਹ ਹਰੇਕ ਖੇਤ ਮਜ਼ਦੂਰ ਦੇ ਪਰਿਵਾਰ ਲਈ 30,000 ਰੁਪਏ ਪ੍ਰਤੀ ਏਕੜ ਰਾਹਤ ਦੀ ਮੰਗ ਕਰ ਰਹੇ ਹਨ।
