ਨਦੀ ’ਚ ਸੁੱਟੀ ਗਈ ਕੋਰੋਨਾ ਪੀੜਤ ਦੀ ਲਾਸ਼, ਵੀਡੀਓ ਵਾਇਰਲ

ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਲਰਾਮਪੁਰ ਜ਼ਿਲ੍ਹੇ ਵਿੱਚ ਰਾਪਤੀ ਨਦੀ ਵਿੱਚ ਕੋਵਿਡ ਪੀੜਤ ਇਕ ਵਿਅਕਤੀ ਦੀ ਲਾਸ਼ ਸੁੱਟਣ ਦਾ ਵੀਡੀਓ ਵਾਇਰਲ ਹੋਇਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਗਰ ਕੋਤਵਾਲੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਮੁੱਖ ਮੈਡੀਕਲ ਅਫ਼ਸਰ ਡਾ. ਵਿਜੇ ਬਹਾਦੁਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਰਾਪਤੀ ਨਦੀ ਵਿੱਚ ਸੁੱਟੀ ਜਾ ਰਹੀ ਲਾਸ਼ ਸਿਧਾਰਥਨਗਰ ਜ਼ਿਲ੍ਹੇ ਦੇ ਸ਼ੋਹਰਤਗੜ੍ਹ ਨਿਵਾਸੀ ਪ੍ਰੇਮਨਾਥ ਮਿਸ਼ਰਾ ਦੀ ਹੈ। ਉਹਨਾਂ ਕਿਹਾ ਕਿ ਪ੍ਰੇਮਨਾਥ ਮਿਸ਼ਰਾ ਨੂੰ 25 ਮਈ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਦੋਂ ਉਹ ਕੋਰੋਨਾ ਨਾਲ ਸੰਕਰਮਿਤ ਸੀ ਅਤੇ ਇਲਾਜ ਦੌਰਾਨ 28 ਮਈ ਨੂੰ ਉਸ ਦੀ ਮੌਤ ਹੋ ਗਈ ਸੀ।
ਸੀਐਮਓ ਨੇ ਕਿਹਾ ਕਿ ਕੋਵਿਡ ਪ੍ਰੋਟੋਕੋਲ ਤਹਿਤ ਪ੍ਰੇਮਨਾਥ ਮਿਸ਼ਰਾ ਦੀ ਦੇਹ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਸੀ। ਮੁੱਖ ਮੈਡੀਕਲ ਅਫ਼ਸਰ ਨੇ ਦਸਿਆ ਕਿ ਵਾਇਰਲ ਹੋਈ ਵੀਡੀਓ ਵਿੱਚ ਲਾਸ਼ ਰਾਪਤੀ ਨਦੀ ਵਿੱਚ ਸੁਟਦੇ ਹੋਏ ਕੁਝ ਲੋਕ ਦਿਸ ਰਹੇ ਹਨ ਅਤੇ ਇਸ ਸਬੰਧੀ ਕੋਤਵਾਲੀ ਨਗਰ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਦੋ ਨੌਜਵਾਨ ਵੀਡੀਓ ਵਿੱਚ ਇਕ ਲਾਸ਼ ਨੂੰ ਪੁੱਲ ਤੋਂ ਰਾਪਤੀ ਨਦੀ ਵਿੱਚ ਸੁੱਟ ਰਹੇ ਹਨ। ਲਾਸ਼ ਸੁੱਟ ਰਹੇ ਦੋ ਨੌਜਵਾਨਾਂ ਵਿਚੋਂ ਇੱਕ ਨੇ ਪੀਪੀਈ ਕਿੱਟ ਪਾਈ ਹੋਈ ਹੈ।
