ਨਕੋਦਰ ਦੇ ਕੱਪੜਾ ਵਪਾਰੀ ਤੇ ਗੰਨਮੈਨ ਦੇ ਮਾਮਲੇ ’ਚ 3 ਗੈਂਗਸਟਰ ਕਾਬੂ, ਮੁੱਖ ਮੁਲਜ਼ਮ ਗ੍ਰਿਫ਼ਤ ਤੋਂ ਬਾਹਰ

ਨਕੋਦਰ ਦੇ ਕੱਪੜਾ ਵਪਾਰੀ ਟਿੰਮੀ ਅਤੇ ਉਸ ਦੇ ਗੰਨਮੈਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ 3 ਸੁਪਾਰੀ ਕਿਲਰ ਜੋ ਅੰਤਰਰਾਸ਼ਟਰੀ ਗੈਂਗਸਟਰਾਂ ਨਾਲ ਮਿਲ ਕੇ ਉਨ੍ਹਾਂ ਦੇ ਨਿਰਦੇਸ਼ ਮਿਲਦੇ ਹੀ ਵੱਡੀ ਤੋਂ ਵੱਡੀ ਘਟਨਾ ਨੂੰ ਅੰਜਾਮ ਦੇ ਦਿੰਦੇ ਸਨ, ਨੂੰ ਗ੍ਰਿਫ਼ਤਾਰ ਕਰਨ ’ਚ ਥਾਣਾ ਫਿਲੌਰ ਮੁਖੀ ਇੰਸ. ਸੁਰਿੰਦਰ ਕੁਮਾਰ ਤੇ ਉਨ੍ਹਾਂ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ।
ਦੱਸ ਦਈਏ ਕਿ ਬੀਤੀ 7 ਦਸੰਬਰ ਨੂੰ ਗੈਂਗਸਟਰਾਂ ਨੇ ਫ਼ਿਰੌਤੀ ਦੀ ਰਕਮ ਨਾ ਮਿਲਣ ਕਾਰਨ ਨਕੋਦਰ ਦੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਤੇ ਉਸ ਦੇ ਗੰਨਮੈਨ ‘ਤੇ ਰਾਤ ਸਵਾ 8 ਵਜੇ, ਫਾਈਰਿੰਗ ਕਰ ਦਿੱਤੀ ਸੀ। ਗੈਂਗਸਟਰਾਂ ਵੱਲੋਂ ਚਲਾਈਆਂ ਗੋਲੀਆਂ ’ਚ ਟਿੰਮੀ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਜ਼ਖਮੀ ਗੰਨਮੈਨ ਨੇ ਅਗਲੇ ਦਿਨ ਹਸਪਤਾਲ ’ਚ ਦਮ ਤੋੜ ਦਿੱਤਾ।
ਉਕਤ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਦੀ ਕਾਫੀ ਕਿਰਕਿਰੀ ਹੋਈ। ਉਕਤ ਘਟਨਾ ਤੋਂ ਬਾਅਦ ਐੱਸਐੱਸਪੀ ਜਲੰਧਰ ਸਵਰਨਦੀਪ ਵੱਲੋਂ ਉਕਤ ਕੇਸ ਨੂੰ ਹੱਲ ਕਰਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਹੋਈਆਂ ਸਨ। ਸੂਤਰਾਂ ਮੁਤਾਬਕ ਇਸ ਵਿਚ ਮੁੱਖ ਭੂਮਿਕਾ ਇੰਸਪੈਕਟਰ ਅਤੇ ਉਨ੍ਹਾਂ ਦੀ ਟੀਮ ਨੇ ਨਿਭਾਉਂਦੇ ਹੋਏ 3 ਕਾਤਲਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕਰ ਲਈ ਹੈ।
ਗ੍ਰਿਫ਼ਤਾਰ ਕੀਤੇ ਗਏ ਤਿੰਨ ਕਾਤਲਾਂ ਦੀ ਪਛਾਣ ਦੀਪ, ਵਿਸ਼ੂ ਅਤੇ ਜਸਕਰਨ ਦੇ ਰੂਪ ‘ਚ ਹੋਈ ਹੈ, ਜਦੋਂ ਕਿ ਇਸ ਕਤਲਕਾਂਡ ਦੇ ਮੁੱਖ ਦੋਸ਼ੀ ਅਮਰੀਕ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪੁਲਿਸ ਦੇ ਆਲਾ ਅਧਿਕਾਰੀ ਜਲਦੀ ਹੀ ਕੱਪੜਾ ਵਪਾਰੀ ਕਤਲ ਮਾਮਲੇ ‘ਚ ਮੀਡੀਆ ਦੇ ਸਾਹਮਣੇ ਖ਼ੁਲਾਸਾ ਕਰ ਸਕਦੇ ਹਨ।