ਨਕੋਦਰ ’ਚ ਵਾਪਰੀ ਵੱਡੀ ਵਾਰਦਾਤ, ਅਣਪਛਾਤੇ ਵਿਅਕਤੀਆਂ ਨੇ ਕੱਪੜਾ ਵਪਾਰੀ ਨੂੰ ਹਮੇਸ਼ਾ ਲਈ ਸਵਾਇਆ

ਪੰਜਾਬ ਵਿੱਚ ਪੁਲਿਸ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਵੀ ਫਿਰੌਤੀ ਮੰਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਕਾਰਨ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕੱਲ੍ਹ ਨਕੋਦਰ ਦੇ ਕੱਪੜਾ ਵਪਾਰੀ ਦਾ 20 ਲੱਖ ਦੀ ਫਿਰੌਤੀ ਨਾ ਦੇਣ ਤੇ ਸ਼ਰੇਆਮ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਇਸ ਦੌਰਾਨ ਕੱਪੜਾ ਵਪਾਰੀ ਦਾ ਗੰਨਮੈਨ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਨੂੰ ਕਿ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟਿੰਮੀ ਪੁੱਤਰ ਹਰਮਿੰਦਰ ਸਿੰਘ ਵਾਸੀ ਆਦਰਸ਼ ਕਾਲੋਨੀ ਨੂੰ ਅਣਪਛਾਤੇ ਹਮਲਾਵਰਾਂ ਨੇ ਰਾਇਲ ਟਾਵਰ ਕੋਲ ਉਸ ਦੀ ਦੁਕਾਨ ਤੇ ਰਾਤ 8 ਵਜੇ ਦੇ ਲਗਭਗ ਗੋਲ਼ੀਆਂ ਮਾਰ ਕੇ ਮੌਤ ਤੇ ਘਾਟ ਉਤਾਰ ਦਿੱਤਾ।
ਇਸ ਦੌਰਾਨ ਗੰਨਮੈਨ ਵੀ ਇਸ ਗੋਲ਼ੀਬਾਰੀ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਵੱਖ-ਵੱਖ ਥਾਣਿਆਂ ਦੀ ਪੁਲਿਸ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਪੁਲਿਸ ਨੇ ਮੌਕੇ ਤੇ ਕੁਝ ਗੋਲ਼ੀਆਂ ਦੇ ਖੋਲ ਬਰਾਮਦ ਕੀਤੇ। ਕਾਬਲੇਗੌਰ ਹੈ ਕਿ 1 ਨਵੰਬਰ ਨੂੰ ਗੈਂਗਸਟਰ ਇੰਦਾ ਨੇ ਕੱਪੜਾ ਵਪਾਰੀ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਕੱਪੜਾ ਵਪਾਰੀ ਨੂੰ ਗੰਨਮੈਨ ਅਲਾਟ ਕਰਵਾ ਦਿੱਤਾ ਅਤੇ ਗੈਂਗਸਟਰ ਇੰਦਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਪਰ ਫਿਰ ਵੀ ਕੱਪੜਾ ਵਪਾਰੀ ਦਾ ਕਤਲ ਹੋ ਗਿਆ।