ਧੜੱਲੇ ਨਾਲ ਹੋ ਰਹੀ ਹੈ ਗ਼ੈਰ ਕਾਨੂੰਨੀ ਮਾਈਨਿੰਗ! ਬੀਐਸਐਫ ਨੇ ਕੀਤਾ ਖ਼ੁਲਾਸਾ

 ਧੜੱਲੇ ਨਾਲ ਹੋ ਰਹੀ ਹੈ ਗ਼ੈਰ ਕਾਨੂੰਨੀ ਮਾਈਨਿੰਗ! ਬੀਐਸਐਫ ਨੇ ਕੀਤਾ ਖ਼ੁਲਾਸਾ

ਆਮ ਆਦਮੀ ਪਾਰਟੀ ਦੀ ਸਰਕਾਰ ਗ਼ੈਰ-ਕਾਨੂੰਨੀ ਮਾਈਨਿੰਗ ਤੇ ਰੋਕ ਲਗਦੀ ਨਜ਼ਰ ਨਹੀਂ ਆ ਰਹੀ। ਨਜਾਇਜ਼ ਮਾਈਨਿੰਗ ਦੀਆਂ ਰੋਜ਼ਾਨਾ ਰਿਪੋਰਟਾਂ ਆ ਰਹੀਆਂ ਹਨ, ਇਸ ਬਾਰੇ ਸਭ ਤੋਂ ਵੱਡਾ ਖ਼ੁਲਾਸਾ ਭਾਰਤੀ ਫੌਜ ਤੇ ਬੀਐਸਐਫ ਨੇ ਕੀਤਾ ਹੈ। ਭਾਰਤੀ ਫੌਜ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦੱਸਿਆ ਕਿ ਸਰਹੱਦੀ ਇਲਾਕਿਆਂ ਵਿੱਚ ਧੜੱਲੇ ਨਾਲ ਗ਼ੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਫੌਜ ਦਾ ਕਹਿਣਾ ਹੈ ਕਿ ਹਾਲਾਤ ਇਹ ਹਨ ਕਿ ਉਹਨਾਂ ਦੇ ਬੰਕਰਾਂ ਨੂੰ ਵੀ ਖ਼ਤਰਾ ਹੈ।

ਦੱਸ ਦਈਏ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਨਜਾਇਜ਼ ਖਣਨ ਦੇ ਮਾਮਲੇ ਤੇ ਵੀਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਭਾਰਤੀ ਫੌਜ ਤੇ ਬੀਐਸਐਫ ਨੇ ਜਵਾਬ ਦਾਇਰ ਕਰ ਕੇ ਕੌਮਾਂਤਰੀ ਸੀਮਾ ਨੇੜਲੇ ਖੇਤਰਾਂ ਵਿੱਚ ਗ਼ੈਰ ਕਾਨੂੰਨੀ ਖਣਨ ਦੇ ਭੇਤ ਖੋਲ੍ਹੇ ਹਨ ਤੇ ਕੌਮੀ ਸੁਰੱਖਿਆ ਨੂੰ ਦਰਪੇਸ਼ ਖ਼ਤਰਿਆਂ ਬਾਰੇ ਗੱਲ ਵੀ ਕੀਤੀ ਹੈ। ਪਟੀਸ਼ਨਰ ਧਿਰ ਨੇ ਕਿਹਾ ਕਿ ਕੌਮਾਂਤਰੀ ਸੀਮਾ ਨੇੜੇ ਹਾਲੇ ਵੀ ਮਾਈਨਿੰਗ ਜਾਰੀ ਹੈ। ਇਸ ਤੋਂ ਬਾਅਦ ਹਾਈਕੋਰਟ ਨੇ ਅਗਲੀ ਸੁਣਵਾਈ 27 ਅਕਤੂਬਰ ਤੇ ਪਾ ਦਿੱਤੀ ਗਈ ਹੈ।

ਇਸ ਮੁੱਦੇ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਵੀ ਟਵੀਟ ਕਰਦਿਆਂ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਹਾਈਕੋਰਟ ਵਿੱਚ ਬੀਐਸਐਫ ਨੇ ਕਿਹਾ ਕਿ ਪੰਜਾਬ ਵਿੱਚ ਕੌਮਾਂਤਰੀ ਸੀਮਾ ਨੇੜੇ ਸੂਰਜ ਚੜ੍ਹਨ ਤੋਂ ਪਹਿਲਾਂ ਮਾਈਨਿੰਗ ਹੋ ਜਾਂਦੀ ਹੈ ਅਤੇ ਦੇਰ ਸ਼ਾਮ ਤੱਕ ਇਹ ਕੰਮ ਚੱਲਦਾ ਰਹਿੰਦਾ ਹੈ। ਕਈ ਦਫ਼ਾ ਤਾਂ ਪੂਰੀ ਰਾਤ ਮਾਈਨਿੰਗ ਜਾਰੀ ਰਹਿੰਦੀ ਹੈ।

ਕੌਮਾਂਤਰੀ ਸਰਹੱਦ ਤੋਂ ਪਾਰ ਸੁਰੰਗ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਬੀਐਸਐਫ ਨੇ ਇਸ ਨੂੰ ਕੌਮੀ ਸੁਰੱਖਿਆ ਲਈ ਵੱਡਾ ਖ਼ਤਰਾ ਦੱਸਿਆ ਹੈ। ਉਹਨਾਂ ਬੰਕਰਾਂ ਨੂੰ ਵੀ ਨੁਕਸਾਨ ਪੁੱਜਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਫੌਜ ਨੇ ਜਵਾਬ ਵਿੱਚ ਕਿਹਾ ਕਿ ਗ਼ੈਰਕਾਨੂੰਨੀ ਮਾਈਨਿੰਗ ਆਈਐਸਆਈ ਦੇ ਕੰਟਰੋਲ ਵਾਲੇ ਤਸਕਰਾਂ ਤੇ ਦੇਸ਼ ਵਿਰੋਧੀ ਤੱਤਾਂ ਦੇ ਗੱਠਜੋੜ ਨੂੰ ਮੌਕਾ ਦੇ ਸਕਦੀ ਹੈ।

Leave a Reply

Your email address will not be published.