ਧੁੰਦ ਦੀ ਚਿੱਟੀ ਚਾਦਰ ਦੀ ਲਪੇਟ ‘ਚ ਆਏ ਪੰਜਾਬ ਦੇ ਕਈ ਜ਼ਿਲ੍ਹੇ, ਇਸ ਦਿਨ ਪੈ ਸਕਦਾ ਹੈ ਮੀਂਹ!

ਪੰਜਾਬ ਸੰਘਣੀ ਧੁੰਦ ਦੀ ਚਾਦਰ ਵਿਛੀ ਹੋਈ ਹੈ। ਸੰਘਣੀ ਧੁੰਦ ਕਾਰਨ ਜ਼ਿੰਦਗੀ ਦੀ ਰਫ਼ਤਾਰ ਹੌਲੀ ਪੈ ਗਈ ਅਤੇ ਹਾਈਵੇਅ ਤੇ ਟਾਵੇਂ-ਟਾਵੇਂ ਵਾਹਨ ਨਜ਼ਰ ਆ ਰਹੇ ਹਨ। ਹਾਈਵੇ ਤੇ ਵਾਹਨ ਬਹੁਤ ਹੌਲੀ ਰਫ਼ਤਾਰ ਵਿੱਚ ਲਾਈਟਾਂ ਜਗਾ ਕੇ ਆਪਣੀ ਮੰਜ਼ਿਲ ਵੱਲ ਵਧ ਰਹੇ ਹਨ। ਇਸ ਤੋਂ ਇਲਾਵਾ ਪੇਂਡੂ ਇਲਾਕਿਆਂ ਵਿੱਚ ਧੁੰਦ ਜ਼ਿਆਦਾ ਹੋਣ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਧੁੰਦ ਤੋਂ ਦੋ-ਤਿੰਨ ਦਿਨ ਰਾਹਤ ਮਗਰੋਂ ਫਿਰ ਅੱਜ ਸੰਘਣੀ ਧੁੰਦ ਪੈ ਗਈ ਹੈ। ਹਾਈਵੇਅ ਤੇ ਵਿਜ਼ਿਬਿਲਟੀ ਲਗਭਗ 40-50 ਮੀਟਰ ਤੋਂ ਵੀ ਘੱਟ ਸੀ। ਇਸ ਤੋਂ ਇਲਾਵਾ ਕਈ ਥਾਵਾਂ ਤੇ ਲੋਕ ਅੱਗ ਬਾਲ ਕੇ ਹੱਡ ਚੀਰਵੀਂ ਠੰਡ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆਏ। ਬਹੁਤ ਸਾਰੀਆਂ ਰੇਲ ਗੱਡੀਆਂ ਆਪਣੇ ਮਿੱਥੇ ਹੋਏ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ।
ਇਸ ਤੋਂ ਇਲਾਵਾ ਕਈ ਉਡਾਨਾਂ ਵੀ ਸੰਘਣੀ ਧੁੰਦ ਕਾਰਨ ਦੇਰੀ ਨਾਲ ਹਨ। ਮੌਸਮ ਵਿਭਾਗ ਨੇ 8 ਜਨਵਰੀ ਤੱਕ ਪੰਜਾਬ ਵਿੱਚ ਸੰਘਣੀ ਧੁੰਦ ਪੈਣ ਤੇ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਹਿਲੀ ਤੋਂ ਸੱਤਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 14 ਤਰੀਕ ਤੱਕ ਛੁੱਟੀਆਂ ਰਹਿਣਗੀਆਂ।
ਹਰਿਆਣਾ ਦੇ ਵਿੱਚ ਵੀ ਦਿਨ ਅਤੇ ਰਾਤ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਘੱਟੋ-ਘੱਟ ਪਾਰਾ ਵਿੱਚ ਹੋਰ ਕਮੀ ਦਰਜ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਪਹਾੜੀ ਖੇਤਰਾਂ ਤੋਂ ਗੁਜਰਦੇ ਪੱਛਮੀ ਸਿਸਟਮਾਂ ਕਾਰਨ ਅਗਲੇ 5-7 ਦਿਨ ਪੰਜਾਬ ਵਿੱਚ ਟੁੱਟਵੀਂ ਬੱਦਲਵਾਈ ਗੁਜਰਦੀ ਰਹੇਗੀ, ਇਨ੍ਹੀਂ ਦਿਨੀਂ ਕੁਝ ਖੇਤਰਾਂ ਵਿੱਚ ਧੁੰਦ ਤੋਂ ਥੋੜੀ ਰਾਹਤ ਮਿਲ ਸਕਦੀ ਹੈ।
ਜਾਣਕਾਰੀ ਮੁਤਾਬਕ ਥੋੜੇ ਖੇਤਰਾਂ ਵਿੱਚ ਧੁੰਦ ਦੀ ਆਉਣ-ਜਾਣ ਬਣੀ ਰਹੇਗੀ ਪਰ ਅਸਮਾਨ ਵਿੱਚ ਬੱਦਲਾਂ ਦੀ ਆਵਾਜਾਈ ਕਾਰਨ ਧੁੰਦ ਜ਼ਿਆਦਾ ਸਮਾਂ ਟਿਕ ਨਹੀਂ ਸਕੇਗੀ। ਆਉਣ ਵਾਲੇ 3 ਦਿਨ ਉਚਾਈ ਵਾਲੇ ਪਹਾੜੀ ਖੇਤਰਾਂ ਵਿੱਚ ਚੰਗੀ ਬਰਫ਼ਵਾਰੀ ਦੀ ਸੰਭਾਵਨਾ ਹੈ ਜਦਿਕ ਪੰਜਾਬ ਵਿੱਚ 1-2 ਵਾਰ ਕਿਤੇ ਕਿਤੇ ਕਿਣਮਿਣ ਦੀ ਆਸ ਹੈ।
ਲੰਬੇ ਵਕਫੇ ਬਾਅਦ 12-13 ਜਨਵਰੀ ਲੋਹੜੀ ਤੇ ਇੱਕ ਵਧੀਆ ਪੱਛਮੀ ਸਿਸਟਮ ਜੰਮੂ-ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਤੱਕ ਭਾਰੀ ਬਰਫ਼ਵਾਰੀ ਨੂੰ ਅੰਜ਼ਾਮ ਦੇਵੇਗਾ, ਇਸ ਦੌਰਾਨ ਸ਼ਿਮਲੇ ਵੀ ਸੀਜ਼ਨ ਦੀ ਪਹਿਲੀ ਬਰਫ਼ਵਾਰੀ ਹੋਵੇਗੀ। ਪੰਜਾਬ ’ਚ ਵੀ 12-13 ਜਨਵਰੀ ਨੂੰ ਕੁਝ ਖੇਤਰਾਂ ’ਚ ਹਲਕੀਆਂ ਫੁਹਾਰਾਂ ਦੀ ਉਮੀਦ ਰਹੇਗੀ।