ਧੀ ਨੂੰ ਲੋਹੜੀ ਦੇ ਤਿਉਹਾਰ ਦਾ ਸਮਾਨ ਦੇਣ ਜਾ ਰਹੀ ਬਜ਼ੁਰਗ ਔਰਤ ਨਾਲ ਹੋਈ ਲੁੱਟ, ਨੌਜਵਾਨ ਨੇ ਖੋਹੀਆਂ ਵਾਲ਼ੀਆਂ

ਅੱਜ ਕੱਲ੍ਹ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਇਸ ਕਦਰ ਵਧ ਗਈਆਂ ਨੇ ਕਿ ਕੋਈ ਘਰ ਵਿੱਚ ਵੀ ਸੁਰੱਖਿਅਤ ਨਹੀਂ ਹੈ। ਲੁਧਿਆਣਾ ਵਿੱਚ ਨੌਜਵਾਨ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲ਼ੀਆਂ ਖੋਹ ਕੇ ਫਰਾਰ ਹੋ ਗਏ। ਇਹ ਔਰਤ ਲੋਹੜੀ ਦੇ ਤਿਉਹਾਰ ਦਾ ਸਮਾਨ ਦੇਣ ਲਈ ਆਪਣੀ ਧੀ ਦੇ ਘਰ ਜਾ ਰਹੀ ਸੀ।
ਔਰਤ ਵੀ ਬਦਮਾਸ਼ ਨੂੰ ਫੜਨ ਲਈ ਪਿੱਛੇ ਭੱਜੀ ਪਰ ਉਹ ਆਪਣੇ ਹੋਰ ਦੋਸਤਾਂ ਨਾਲ ਭੱਜਣ ਵਿੱਚ ਕਾਮਯਾਬ ਹੋ ਗਏ। ਇਹ ਘਟਨਾ ਪ੍ਰੀਤ ਨਗਰ ਗਲੀ ਨੰਬਰ 21 ਇਲਾਕੇ ਦੀ ਦੱਸੀ ਜਾ ਰਹੀ ਹੈ। ਔਰਤ ਦਾ ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ 10 ਦਿਨਾਂ ਵਿੱਚ ਇਹ ਚੌਥੀ ਵੱਡੀ ਘਟਨਾ ਹੈ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਲੋਕ ਪੁਲਿਸ ਨੂੰ ਸਹਿਯੋਗ ਦੇਣ। ਜੇ ਇਲਾਕੇ ਵਿੱਚ ਕੋਈ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਪੁਲਿਸ ਨੂੰ ਸੂਚਿਤ ਕਰੋ। ਜਦੋਂ ਬਦਮਾਸ਼ਾਂ ਦੀ ਬਾਈਕ ਦਾ ਨੰਬਰ ਚੈਕ ਕੀਤਾ ਗਿਆ ਤਾਂ ਇਹ ਜਾਅਲੀ ਪਾਇਆ ਗਿਆ।