ਦੋ ਮੀਟਰ ਲਵਾਉਣ ਵਾਲਿਆਂ ’ਤੇ ਸਰਕਾਰ ਦਾ ਸ਼ਿਕੰਜਾ, ਕਿਰਾਏਦਾਰਾਂ ਤੋਂ ਵਸੂਲੇ ਜਾ ਰਹੇ ਬਿਜਲੀ ਬਿੱਲ

ਪੰਜਾਬ ਸਰਕਾਰ ਵੱਲੋਂ ਮੁਫ਼ਤ ਬਿਜਲੀ ਬਿੱਲ ਦੇਣ ਦੇ ਐਲਾਨ ਤੋਂ ਬਾਅਦ ਅਤੇ ਇਸ ਤੋਂ ਨੋਟੀਫਿਕੇਸ਼ਨ ਤੋਂ ਬਾਅਦ ਜਿੱਥੇ ਕਈ ਲੋਕਾਂ ਨੇ ਆਪਣੇ ਘਰਾਂ ਵਿੱਚ ਬਿਜਲੀ ਦੇ ਦੋ ਮੀਟਰ ਲਗਾਏ ਹਨ, ਉੱਥੇ ਹੀ ਸਰਕਾਰ ਤੱਕ ਇਹ ਵੀ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਜਿਹੜੇ ਘਰਾਂ ਵਿੱਚ ਕਿਰਾਏਦਾਰ ਹਨ ਅਤੇ ਉਸ ਘਰ ਦਾ ਬਿਜਲੀ ਬਿੱਲ ਸਰਕਾਰ ਨੇ ਘਟਾ ਕੇ ਜ਼ੀਰੋ ਕਰ ਦਿੱਤਾ ਹੈ ਅਤੇ ਮਕਾਨ ਮਾਲਕਾਂ ਵੱਲੋਂ ਕਿਰਾਏਦਾਰਾਂ ਤੋਂ ਬਿਜਲੀ ਦਾ ਬਿੱਲ ਲਿਆ ਜਾ ਰਿਹਾ ਹੈ, ਹੁਣ ਸਰਕਾਰ ਇਸ ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ।
ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪੇਜ਼ ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਸਰਕਾਰ ਮਕਾਨ ਮਾਲਕਾਂ ਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਉਹਨਾਂ ਲਿਖਿਆ ਕਿ ਸਰਕਾਰ ਤੋਂ ਮੁਫ਼ਤ ਬਿਜਲੀ ਦਾ ਲਾਭ ਲੈ ਕੇ ਕਿਰਾਏਦਾਰਾਂ ਤੋਂ ਬਿੱਲ ਵਸੂਲਣ ਵਾਲੇ ਮਕਾਨ ਮਾਲਕਾਂ ਨੂੰ ਬਿਜਲੀ ਦਾ ਪੂਰਾ ਬਿੱਲ ਅਦਾ ਕਰਨਾ ਪਵੇਗਾ।
ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਜਿਸ ਲਈ ਉਹਨਾਂ ਨੇ 300 ਯੂਨਿਟ ਪ੍ਰਤੀ ਮਹੀਨਾ ਅਤੇ 600 ਯੂਨਿਟ ਦੋ ਮਹੀਨਿਆਂ ਲਈ ਮੁਆਫ਼ ਕਰ ਦਿੱਤੇ ਸਨ। ਜਦਕਿ ਸਰਕਾਰ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਤਾਂ ਉਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਬਿਜਲੀ ਦੇ ਮੀਟਰ ਲਗਾਉਣ ਲਈ ਹਾਹਾਕਾਰ ਮਚ ਗਈ ਅਤੇ ਪਾਵਰਕਾਮ ਨੂੰ ਵੀ ਬਿਜਲੀ ਮੀਟਰਾਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ।