ਦੂਜੇ ਰਾਜਾਂ ਤੋਂ ਪੰਜਾਬ ਦੀਆਂ ਮੰਡੀਆਂ ‘ਚ ਵਿਕਣ ਲਈ ਆਉਣ ਲੱਗਾ ਝੋਨਾ

ਨਵੇਂ ਖੇਤੀ ਕਾਨੂੰਨ ਪਾਸ ਹੋਣ ਤੋਂ ਬਾਅਦ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਵਿਕਣ ਲਈ ਬਾਹਰਲੇ ਰਾਜਾਂ ਤੋਂ ਝੋਨਾ ਆਉਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਲੋਕਾਂ ਨੇ ਝੋਨੇ ਦੇ ਭਰੇ ਟਰਾਲੇ ਘੇਰੇ ਹਨ। ਬਾਹਰੋਂ ਸਸਤੇ ਭਾਅ ਤੇ ਖਰੀਦਿਆ ਝੋਨਾ ਪੰਜਾਬ ਵਿੱਚ ਸਰਕਾਰੀ ਰੇਟ ਤੇ ਵੇਚਣ ਲਈ ਝੋਨਾ ਆ ਰਿਹਾ ਹੈ।

ਦਿੱਲੀਓਂ ਆਏ ਝੋਨੇ ਦੇ ਭਰੇ ਟਰਾਲੇ ਨੌਜਵਾਨ ਕਿਸਾਨਾਂ ਨੇ ਘੇਰੇ ਥੇਹ ਕਲੰਦਰ ਟੋਲ ਪਲਾਜ਼ਾ ਫਾਜ਼ਿਲਕਾ ਦੇ ਕੋਲ ਰੁਕਿਆ ਗਿਆ। ਦੂਜੇ ਰਾਜਾਂ ਤੋਂ ਪੰਜਾਬ ਵਿੱਚ ਆ ਰਹੇ ਝੋਨੇ ਦੇ ਟਰੱਕਾਂ ਨੂੰ ਧਰੇੜੀ ਜੱਟਾਂ ਟੋਲ ਪਲਾਜ਼ਾ ਤੇ ਬੀਕੇਯੂ ਕ੍ਰਾਂਤੀਕਾਰੀ ਅਤੇ ਬੀਕੇਯੂ ਸਿਧੂਪੁਰ ਵੱਲੋਂ ਰੋਕਿਆ ਗਿਆ ਹੈ।
ਇਹਨਾਂ ਦੀਆਂ ਬਿਲਟੀਆਂ ਮਾਰਕਫੈਡ ਦੀਆਂ ਹਨ ਜਿਹਨਾਂ ਤੇ ਮਾਲ ਵੇਚਣ ਅਤੇ ਖਰੀਦਣ ਵਾਲੇ ਦੇ ਦਸਤਖ਼ਤ ਨਹੀਂ ਹਨ। ਇਹ ਤਿੰਨੋਂ ਟਰੱਕ ਡੇਰਾਬਸੀ ਤੋਂ ਭਰੇ ਗਏ ਹਨ। ਇਹਨਾਂ ਵਿੱਚੋਂ ਦੋ ਟਰੱਕ ਪਟਿਆਲਾ ਨੰਬਰ ਦੇ ਹਨ (PB 11 CF 9061 or PB 11 AH 9061) ਜਿਨਾ ਨੇ ਝੋਨਾ ਲੈ ਕੇ ਨਾਭੇ ਜਾਣਾ ਹੈ ਅਤੇ ਤੀਜਾ ਵੱਡਾ ਟਰੱਕ ਰਾਜਸਥਾਨ ਨੰਬਰ RJ 31 GA 6239 ਹੈ ਜਿਸ ਨੇ ਮੌੜ ਮੰਡੀ ਜਾਣਾ ਹੈ।
ਬਾਹਰੋ ਸਸਤਾ ਝੋਨਾ ਖਰੀਦ ਕੇ ਸਰਕਾਰੀ ਰੇਟ ਵਿੱਚ ਪੰਜਾਬ ਲਿਆ ਕੇ ਵੇਚਿਆ ਜਾ ਰਿਹਾ ਹੈ ਜਿਸ ਨਾਲ ਪੰਜਾਬ ਦਾ ਸਰਕਾਰੀ ਖਰੀਦ ਦਾ ਕੋਟਾ ਖਤਮ ਕਰ ਕੇ ਪੰਜਾਬ ਦੇ ਕਿਸਾਨਾਂ ਨੂੰ ਘਾਟਾ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਰਾਜਾਂ ਅਤੇ ਜ਼ਿਲ੍ਹਿਆਂ ਤੋਂ ਲਿਆਂਦੇ ਝੋਨੇ ਦੇ ਟਰੱਕਾਂ ਨੂੰ ਕਿਸਾਨਾਂ ਵੱਲੋਂ ਪਿੰਡ ਪੱਖੋਕੇ ਨੇੜੇ ਬਰਨਾਲਾ-ਅੰਮ੍ਰਿਤਸਰ ਕੌਮੀ ਮਾਰਗ ਤੇ ਘੇਰ ਲਿਆ ਗਿਆ।
ਜਿਸ ਕਰ ਕੇ ਕਿਸਾਨਾਂ ਅਤੇ ਟਰੱਕ ਡਰਾਈਵਰਾਂ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਟਰੱਕ ਡਰਾਈਵਰਾਂ ਵੱਲੋਂ ਰੋਡ ਜਾਮ ਕਰ ਦਿੱਤਾ ਗਿਆ। ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕਿ ਬਾਹਰੀ ਰਾਜਾਂ ਮੱਧ ਪ੍ਰਦੇਸ਼ ਅਤੇ ਯੂਪੀ ਤੋਂ ਝੋਨਾ ਸਸਤੇ ਭਾਅ ਖਰੀਦ ਕੇ ਵਪਾਰੀ ਇਸ ਨੂੰ ਪੰਜਾਬ ਵਿੱਚ ਲਿਆ ਕੇ ਮਹਿੰਗੇ ਭਾਅ ਵੇਚ ਕੇ ਸਰਕਾਰ ਨੂੰ ਰਗੜਾ ਲਾ ਰਹੇ ਹਨ।
ਇਸ ਗੈਰ ਕਾਨੂੰਨੀ ਕੰਮ ਨੂੰ ਸਰਕਾਰ ਅਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ। ਇਸੇ ਤਰ੍ਹਾਂ ਪੰਜਾਬ ਦੇ ਅੰਮ੍ਰਿਤਸਰ ਇਲਾਕੇ ਦੇ ਜ਼ਿਲ੍ਹਿਆਂ ਵਿਚੋਂ ਝੋਨਾ ਲਿਆ ਕੇ ਮਾਲਵਾ ਖੇਤਰ ਦੇ ਸ਼ੈਲਰਾਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ। ਜਿਸ ਕਰਕੇ ਮਾਲਵੇ ਦੇ ਕਿਸਾਨਾਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਪ੍ਰਸ਼ਾਸਨ ਅਤੇ ਸਰਕਾਰ ਦੀ ਨਾਲਾਇਕੀ ਕਾਰਨ ਕਿਸਾਨਾਂ ਨੂੰ ਇਹਨਾਂ ਟਰੱਕਾਂ ਨੂੰ ਘੇਰਨਾ ਪਿਆ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਝੋਨੇ ਨੂੰ ਖਰੀਦਣ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
