ਦੁਬਈ ’ਚ ਫਸੇ ਗੁਰਦਾਸਪੁਰ ਦੇ ਨੌਜਵਾਨਾਂ ਨੇ ਭਾਰਤ ਸਰਕਾਰ ਨੂੰ ਕੀਤੀ ਇਹ ਅਪੀਲ

ਵਿਦੇਸ਼ਾਂ ਵਿੱਚ ਕਮਾਈ ਕਰਨ ਗਏ ਬਹੁਤੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਤੋਂ ਆਇਆ ਹੈ। ਗੁਰਦਾਸਪੁਰ ਦੇ ਦੀਨਾਨਗਰ ਦੇ ਰਹਿਣ ਵਾਲੇ ਕੁਝ ਨੌਜਵਾਨ ਦੁਬਈ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਏ ਸੀ ਪਰ ਉਹ ਉੱਥੇ ਹੀ ਫਸ ਗਏ। ਮਿਲੀ ਜਾਣਕਾਰੀ ਮੁਤਾਬਕ ਏਜੰਟਾਂ ਨੇ ਉਹਨਾਂ ਕੋਲੋਂ ਲੱਖਾਂ ਰੁਪਏ ਲੈ ਕੇ ਵਰਕ ਪਰਮਿਟ ਦੇ ਕੇ ਭੇਜਿਆ ਸੀ, ਪਰ ਕਰੀਬ 3 ਮਹੀਨੇ ਹੋ ਗਏ ਹਨ ਨਾ ਤਾਂ ਕਿਸੇ ਕੰਪਨੀ ਦਾ ਅਧਿਕਾਰੀ ਉਹਨਾਂ ਕੋਲ ਆਇਆ ਅਤੇ ਨਾ ਹੀ ਕੋਈ ਕੰਮ ਮਿਲਿਆ।

ਹੁਣ ਹਾਲਤ ਇਹ ਬਣੀ ਹੋਈ ਕਿ ਨੌਜਵਾਨਾਂ ਨੂੰ ਖਾਣ-ਪੀਣ ਨੂੰ ਲੈ ਕੇ ਵੀ ਦਿੱਕਤ ਆ ਰਹੀ ਹੈ। ਉਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਖਾਣਾ ਲੈਣ ਲਈ ਪੈਸੇ ਨਹੀਂ ਹਨ ਅਤੇ ਕੁਝ ਨੌਜਵਾਨ ਬਿਮਾਰ ਵੀ ਹੋ ਗਏ ਹਨ। ਉਹਨਾਂ ਕੋਲ ਕੋਈ ਆਈਡੀ ਸਬੂਤ ਵੀ ਨਹੀਂ ਹੈ ਇਸ ਲਈ ਉਹਨਾਂ ਨੂੰ ਦਵਾਈ ਲੈਣ ਚ ਵੀ ਮੁਸ਼ਕਿਲ ਹੋ ਰਹੀ ਹੈ।
ਉਹਨਾਂ ਦੱਸਿਆ ਕਿ ਵੀਜ਼ਾ ਖ਼ਤਮ ਹੋਣ ਕਰ ਕੇ ਉਹਨਾਂ ਤੇ ਦੁਬਈ ਸਰਕਾਰ ਦਾ ਹਜ਼ਾਰਾਂ ਰੁਪਏ ਦਾ ਕਰਜ਼ ਵੀ ਖੜ੍ਹਾ ਹੈ। ਉਹਨਾਂ ਦੇ ਏਜੰਟ ਫੋਨ ਵੀ ਨਹੀਂ ਚੁੱਕਦੇ। ਉਹਨਾਂ ਨੇ ਭਾਰਤ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦਾ ਜਾਵੇ।
