ਦੁਨੀਆ ਦੇ ਸਭ ਤੋਂ ਵੱਡੇ ਕੋਰੋਨਾ ਟੀਕਾਰਨ ਪ੍ਰੋਗਰਾਮ ਦੀ ਅੱਜ ਹੋਵੇਗੀ ਸ਼ੁਰੂਆਤ

ਭਾਰਤ ‘ਚ ਪਹਿਲੇ ਦਿਨ ਤਿੰਨ ਲੱਖ ਤੋਂ ਜ਼ਿਆਦਾ ਸਿਹਤ ਕਰਮੀਆਂ ਨੂੰ ਕੋਵਿਡ-19 ਦੇ ਟੀਕੇ ਦੀ ਖੁਰਾਕ ਦਿੱਤੇ ਜਾਣ ਦੇ ਨਾਲ ਅੱਜ ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ ‘ਚ ਪਹਿਲੇ ਗੇੜ ਦੇ ਕੋਵਿਡ-19 ਟੀਕਾਕਰਨ ਅਭਿਆਨ ਦੀ ਸ਼ੁਰੂਆਤ ਕਰਨਗੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ‘ਚ ਐਲਐਨਜੀਪੀ ਹਸਪਤਾਲ ‘ਚ ਇਕ ਡਾਕਟਰ, ਇਕ ਨਰਸ ਤੇ ਇਕ ਸਫਾਈ ਕਰਮਚਾਰੀ ਨੂੰ ਕੋਵਿਡ-19 ਦਾ ਟੀਕਾ ਦਿੱਤਾ ਜਾਵੇਗਾ। ਰਾਸ਼ਟਰੀ ਰਾਜਧਾਨੀ ‘ਚ 81 ਕੇਂਦਰਾਂ ‘ਤੇ ਕੋਵਿਡ-19 ਦੀ ਟੀਕਾਕਰਨ ਅਭਿਆਨ ਸ਼ੁਰੂ ਹੋਵੇਗਾ।
ਦੇਸ਼ ਭਰ ਦੇ 3,006 ਕੇਂਦਰਾਂ ਉੱਤੇ 3 ਲੱਖ ਸਿਹਤ ਕਰਮਚਾਰੀਆਂ ਨੂੰ ਸ਼ਾਮਲ ਕਰਨ ਦੀ ਆਸ ਹੈ। ਦੇਸ਼ ਦੇ ਡਰੱਗ ਰੈਗੂਲੇਟਰ ਨੇ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ (covishield) ਤੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ (Covaxin) ਨੂੰ ਮਨਜ਼ੂਰੀ ਦਿੱਤੀ ਹੈ।
ਲੋਕਾਂ ਨੂੰ ਦੋਵੇਂ ਹੀ ਵੈਕਸੀਨ ਦੀਆਂ ਦੋ ਖ਼ੁਰਾਕਾਂ ਦਿੱਤੀਆਂ ਜਾਣਗੀਆਂ ਤੇ ਇਹ 28 ਦਿਨਾਂ ਦੇ ਵਕਫ਼ੇ ਨਾਲ ਲਾਈਆਂ ਜਾਣਗੀਆਂ। ਕੋਵਿਡ ਲੱਛਣਾਂ ਵਾਲੇ ਜਿਹੜੇ ਰੋਗੀਆਂ ਨੂੰ ਪਲਾਜ਼ਮਾ ਥੈਰਾਪੀ ਦਿੱਤੀ ਗਈ ਹੈ ਤੇ ਜਿਹੜੇ ਕਿਸੇ ਹੋਰ ਕਾਰਨਾਂ ਕਰਕੇ ਹਸਪਤਾਲ ’ਚ ਦਾਖ਼ਲ ਹਨ, ਉਨ੍ਹਾਂ ਦੇ ਠੀਕ ਹੋਣ ਤੋਂ ਬਾਅਦ ਚਾਰ ਤੋਂ ਅੱਠ ਹਫ਼ਤਿਆਂ ਤੱਕ ਟੀਕਾਕਰਨ ਨਹੀਂ ਕੀਤਾ ਜਾਵੇਗਾ।
ਕੇਂਦਰ ਮੁਤਾਬਕ ਟੀਕਾਕਰਨ ਦੀ ਪ੍ਰਵਾਨਗੀ ਸਿਰਫ਼ 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ। ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਟੀਕਾ ਨਹੀਂ ਲਵਾਉਣਾ ਚਾਹੀਦਾ। ਵੈਕਸੀਨ ਦੀ ਦੂਜੀ ਖ਼ੁਰਾਕ ਵੀ ਉਸੇ ਟੀਕੇ ਦੀ ਹੋਣੀ ਚਾਹੀਦੀ ਹੈ, ਜਿਸ ਨੂੰ ਪਹਿਲੀ ਖ਼ੁਰਾਕ ਦੇ ਤੌਰ ’ਤੇ ਦਿੱਤਾ ਗਿਆ ਸੀ।
