ਦੁਖਦਾਈ ਖ਼ਬਰ, ਟਿਕਰੀ ਮੋਰਚੇ ’ਤੇ ਕਿਸਾਨ ਦੀ ਮੌਤ

ਦਿੱਲੀ ਕੂਚ ਕਰਦੇ ਹੋਏ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਹਰਿਆਣਾ ਨੇ ਕਿਸਾਨਾਂ ਤੇ ਵਾਟਰ ਕੈਨਨ ਚਲਾਏ ਅਤੇ ਉਨ੍ਹਾਂ ਨੂੰ ਖਦੇੜਣ ਲਈ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਪਰ ਕਿਸਾਨ ਡਟੇ ਰਹੇ ਤੇ ਸਾਰੇ ਬੈਰੀਕੇਡ ਅਤੇ ਰੁਕਾਵਟਾਂ ਨੂੰ ਇੱਕ ਪਾਸੇ ਕਰਦੇ ਹੋਏ ਦਿੱਲੀ ਦੀਆਂ ਸਰਹੱਦਾਂ ਤੇ ਜਾ ਬੈਠੇ ਹਨ।

ਉੱਥੇ ਹੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਸਮਰਾਲਾ ਨੇੜਲੇ ਪਿੰਡ ਖੱਟਰਾਂ ਦੇ 55 ਸਾਲਾ ਕਿਸਾਨ ਗੱਜਣ ਸਿੰਘ ਦੀ ਟਿਕਰੀ ਬਾਰਡਰ ਤੇ ਧਰਨੇ ਦੌਰਾਨ ਮੌਤ ਮਗਰੋਂ ਕਿਸਾਨਾਂ ਅੰਦਰ ਭਾਰੀ ਰੋਸ ਹੈ। ਸੋਮਵਾਰ ਨੂੰ ਕਿਸਾਨ ਲੀਡਰਾਂ ਨੇ ਗੱਜਣ ਸਿੰਘ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਕਿਸਾਨਾਂ ਦੀ ਮੰਗ ਹੈ ਕਿ ਹਰਿਆਣਾ ਸਰਕਾਰ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਗੱਜਣ ਸਿੰਘ ਦੀ ਐਤਵਾਰ ਨੂੰ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਤੇ ਗੱਜਣ ਸਿੰਘ ਦੇ ਕਿਸਾਨ ਸਾਥੀਆਂ ਮੁਤਾਬਕ ਵਾਟਰ ਕੈਨਲ ਦੀਆਂ ਬੁਛਾੜਾਂ ਨਾਲ ਵਾਰ-ਵਾ ਗਿੱਲੇ ਹੋਣ ਕਾਰਨ ਗੱਜਣ ਸਿੰਘ ਬਿਮਾਰ ਪੈ ਗਿਆ ਸੀ ਜਿਸ ਮਗਰੋਂ ਉਸ ਦੀ ਮੌਤ ਹੋ ਗਈ।
ਕਿਸਾਨ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਬਹਾਦੁਰਗੜ੍ਹ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਐਤਵਾਰ ਸ਼ਾਮ ਨੂੰ ਅਚਾਨਕ ਉਸ ਦੀ ਹਾਲਤ ਵਿਗੜਨ ਮਗਰੋਂ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਆਪਣੇ ਸਰਗਰਮ ਵਰਕਰ ਦੀ ਮੌਤ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਮੰਗ ਕੀਤੀ ਕਿ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਜਥੇਬੰਦੀ ਨੇ ਅਲਟੀਮੇਟਮ ਦਿੰਦਿਆਂ ਆਖਿਆ ਕਿ ਜੇ ਸਰਕਾਰ ਨਾ ਮੰਨੀ ਤਾਂ ਮ੍ਰਿਤਕ ਦੀ ਲਾਸ਼ ਮੋਰਚੇ ਵਾਲੀ ਥਾਂ ’ਤੇ ਰੱਖ ਕੇ ਹੋਰ ਵੱਡਾ ਅੰਦੋਲਨ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਗੱਜਣ ਸਿੰਘ ਦਾ ਵਿਆਹ ਨਹੀਂ ਹੋਇਆ ਸੀ। ਗੱਜਣ ਦੇ ਦੋ ਹੋਰ ਭਰਾ ਹਨ ਤਿੰਨਾਂ ਭਰਾਵਾਂ ਕੋਲ ਤਿੰਨ ਏਕੜ ਜ਼ਮੀਨ ਹੈ।
ਤਿੰਨ ਭਰਾਵਾਂ ਵਿੱਚੋਂ ਸਿਰਫ ਇੱਕ ਭਰਾ ਦਾ ਹੀ ਵਿਆਹ ਹੋਇਆ ਹੈ। ਗੱਜਣ ਸਿੰਘ ਬੀਤੀ 24 ਨਵੰਬਰ ਨੂੰ ਘੁਲਾਲ ਟੌਲ ਪਲਾਜ਼ਾ ਤੋਂ ਗਏ ਕਿਸਾਨਾਂ ਦੇ ਪਹਿਲੇ ਜਥੇ ਨਾਲ ਦਿੱਲੀ ਪੁੱਜਿਆ ਸੀ। ਕੜਾਕੇ ਦੀ ਠੰਢ ਵਿੱਚ ਸ਼ਨਿਚਰਵਾਰ ਦੇਰ ਰਾਤ ਉਸ ਦੀ ਹਾਲਤ ਵਿਗੜ ਗਈ। ਉੱਥੇ ਮੌਜੂਦ ਕਿਸਾਨ ਆਗੂ ਉਸ ਨੂੰ ਪ੍ਰਾਈਵੇਟ ਹਸਪਤਾਲ ਲੈ ਗਏ, ਪਰ ਹਾਲਤ ਜ਼ਿਆਦਾ ਗੰਭੀਰ ਹੋਣ ’ਤੇ ਉਸ ਨੂੰ ਵੱਡੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
