ਦੀਪ ਸਿੱਧੂ ਨੇ ਬਣਾਈ ‘ਵਾਰਿਸ ਪੰਜਾਬ ਦੇ’ ਜੱਥੇਬੰਦੀ, ਕਹੀਆਂ ਵੱਡੀਆਂ ਗੱਲਾਂ

ਦੀਪ ਸਿੱਧੂ ਨੇ ਪ੍ਰੈਸ ਕਲੱਬ ’ਚ ਨਵੀਂ ਜੱਥੇਬੰਦੀ ਦਾ ਐਲਾਨ ਕਰ ਦਿੱਤਾ ਹੈ। ਦੀਪ ਸਿੱਧੂ ਦੀ ਇਸ ਜੱਥੇਬੰਦੀ ਦਾ ਨਾਂ ਵਾਰਿਸ ਪੰਜਾਬ ਦੇ ਹੈ। ਇਹ ਜੱਥੇਬੰਦੀ ਦੇ ਐਲਾਨ ਮੌਕੇ ਜੱਗੀ ਬਾਬਾ, ਜੁਗਰਾਜ ਸਿੰਘ, ਰਣਜੀਤ ਸਿੰਘ, ਗੁਰਸੇਵਕ ਸਿੰਘ ਭਾਣਾ, ਸੁਖਰਾਜ ਸਿੰਘ ਤੇ ਦੀਪ ਸਿੱਧੂ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ।
ਦੀਪ ਸਿੱਧੂ ਨੇ ਕਿਹਾ ਕਿ ਗੁਰਾਂ ਦੇ ਨਾਂ ਉੱਪਰ ਵੱਸਦੇ ਪੰਜਾਬ ਨੂੰ ਜੇਕਰ ਮੁੜ ਮਹਿਕਦਾ ਗੁਲਾਬ ਬਣਾਉਣਾ ਹੈ ਤਾਂ ਸਾਨੂੰ ਸਭ ਨੂੰ ਜਾਤੀ ਵੰਡ ਤੇ ਜਾਤੀ ਵਿਤਕਰੇ ਤੋਂ ਉੱਪਰ ਉਠ ਕੇ ਪੰਜਾਬ ਦੀ ਹੋਣੀ ਬਦਲਣ ਲਈ ਸਾਂਝੇ ਉਪਰਾਲੇ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਨਿਸ਼ਾਨਾ ਫਿਲਹਾਲ ਕਿਸੇ ਰਾਜਸੀ ਅਹੁਦੇ ਦੀ ਪ੍ਰਾਪਤੀ ਨਹੀਂ ਹੈ ਪਰ ਪੰਜਾਬ ਦੀਆਂ ਸਾਰੀਆਂ ਹੀ ਰਾਜਸੀ ਧਿਰਾਂ ’ਤੇ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਦਬਾਅ ਜ਼ਰੂਰ ਬਣਾਇਆ ਜਾਵੇਗਾ।
ਇਸ ਮੌਕੇ ਉਹਨਾਂ ਕਿਹਾ ਕਿ ਇਹ ਜੱਥੇਬੰਦੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜੇਗੀ ਤੇ ਪੰਜਾਬ ਦੇ ਅਸਲ ਸੱਭਿਆਚਾਰ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗੀ। ਸਿੱਧੂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਮੂਲ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਤੇ ਪੰਜਾਬ ਇਸ ਨੀਤੀ ਦਾ ਸਭ ਤੋਂ ਵੱਧ ਖਾਮਿਆਜ਼ਾ ਭੁਗਤ ਰਿਹਾ ਹੈ। ਇਸ ਦੌਰਾਨ ਦੀਪ ਸਿੱਧੂ ਨੇ ਪੰਜਾਬ ਦੇ ਵਿਦਿਅਕ ਢਾਂਚੇ ਤੇ ਵੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦਾ ਵਿਦਿਅਕ ਢਾਂਚਾ ਜ਼ਰਜ਼ਰਾ ਹੋ ਚੁੱਕਾ ਹੈ।
