ਦੀਪ ਸਿੱਧੂ ਦੇ ਬਿਆਨ ’ਤੇ ਛਿੜਿਆ ਵਿਵਾਦ, ਕਿਸਾਨ ਜੱਥੇਬੰਦੀਆਂ ਨੇ ਮੁਆਫ਼ੀ ਦੀ ਕੀਤੀ ਮੰਗ

ਕਿਸਾਨੀ ਅੰਦੋਲਨ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋ ਗਈ ਹੈ। ਉਹਨਾਂ ਦੀ ਮੌਤ ਨੂੰ ਸਨਮਾਨ ਵਜੋਂ ਸ਼ਹੀਦੀ ਦਾ ਨਾਮ ਦਿੱਤਾ ਗਿਆ ਹੈ। ਪਰ ਦੀਪ ਸਿੱਧੂ ਨੇ ਇਸ ਦੇ ਉਲਟ ਬਿਆਨ ਦਿੱਤਾ ਹੈ। ਪੰਜਾਬੀ ਅਦਾਕਾਰ ਦੀਪ ਸਿੱਧੂ ਵੱਲੋਂ ਬੀਤੇ ਦਿਨ ਦਿੱਤੇ ਗਏ ਬਿਆਨ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ, “ਸਾਨੂੰ ਦੀਪ ਸਿੱਧੂ ਤੋਂ ਕੋਈ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਕਿ ਕੌਣ ਸ਼ਹੀਦ ਹੈ ਅਤੇ ਕੌਣ ਨਹੀਂ।”
![Tractor Rally Violence: Delhi Court hears bail plea by Deep Sidhu [LIVE UPDATES]](https://gumlet.assettype.com/barandbench/2021-02/72a41348-91a5-4013-bb65-4102fff6a4b4/deep_sidhu_01.jpg?w=1200&h=750&auto=format%2Ccompress&fit=max)
ਜੱਥੇਬੰਦੀਆਂ ਨੇ ਕਿਹਾ ਕਿ, “ਜਿਸ ਇਨਸਾਨ ਦੀ ਕਿਸੇ ਖਾਤਰ ਮੌਤ ਹੁੰਦੀ ਹੈ ਤਾਂ ਉਹ ਸ਼ਹੀਦ ਹੀ ਹੁੰਦਾ ਹੈ। ਦੀਪ ਸਿੱਧੂ ਭਾਜਪਾ ਦਾ ਬੰਦਾ ਹੈ ਤੇ ਇਸ ਵਿੱਚ ਹਰਜੀਤ ਗਰੇਵਾਲ, ਹਰਿੰਦਰ ਕਾਹਲੋਂ ਅਤੇ ਸੁਰਜੀਤ ਸਿੰਘ ਜਿਆਣੀ ਦੀ ਆਤਮਾ ਵੜ ਗਈ ਹੈ ਤਾਂ ਹੀ ਦੀਪ ਸਿੱਧੂ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ ਹੈ।” ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਪ੍ਰੀਤ ਸਿੰਘ, ਰਣਧੀਰ ਸਿੰਘ, ਹਰਮਨ ਸਿੰਘ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ, “26 ਜਨਵਰੀ ਨੂੰ ਦੀਪ ਸਿੱਧੂ ਵੱਲੋਂ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਹੁਣ ਫਿਰ ਦੀਪ ਸਿੱਧੂ ਨੇ ਜੋ ਸ਼ਹੀਦ ਹੋਏ ਕਿਸਾਨਾਂ ਬਾਰੇ ਬਿਆਨ ਦਿੱਤਾ ਹੈ, ਅਸੀਂ ਉਸ ਦੀ ਕੜੀ ਨਿੰਦਾ ਕਰਦੇ ਹਾਂ।”
ਉਹਨਾਂ ਅੱਗੇ ਕਿਹਾ ਕਿ, “ਜੋ ਵੀ ਇਨਸਾਨ ਆਪਣੇ ਘਰੋਂ ਕਿਸਾਨੀ ਅੰਦੋਲਨ ਵਿੱਚ ਜਾਂਦਾ ਹੈ ਉਹ ਸਿਰ ਤੇ ਕਫ਼ਨ ਬੰਨ ਕੇ ਜਾਂਦਾ ਹੈ।” ਉਹਨਾਂ ਕਿਹਾ ਕਿ, “ਕਿਸਾਨ ਆਪਣੇ ਵਜੂਦ ਦੀ ਲੜਾਈ ਲੜ ਰਿਹਾ ਹੈ। ਕਿਸਾਨ ਸੰਘਰਸ਼ ਵਿੱਚ ਕਿਸੇ ਵੀ ਕਿਸਾਨ ਦੀ ਜਾਨ ਗਈ ਹੈ ਉਹ ਸ਼ਹੀਦ ਹੀ ਹੈ। ਜੇ ਦੀਪ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ, ਇਹ ਕਿਸੇ ਏਜੰਸੀਆਂ ਦਾ ਬੰਦਾ ਹੈ ਅਤੇ ਇਸ ਵਿੱਚ ਭਾਜਪਾ ਦੀ ਰੂਹ ਵੜ ਗਈ ਹੈ।” “ਅਸੀਂ ਆਪਣੇ ਨੌਜਵਾਨਾਂ ਅਤੇ ਕਿਸਾਨ ਜੱਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਤੱਕ ਦੀਪ ਸਿੱਧੂ ਮੁਆਫ਼ੀ ਨਹੀਂ ਮੰਗਦਾ, ਉਦੋਂ ਤਕ ਦੀਪ ਸਿੱਧੂ ਨੂੰ ਕੋਈ ਵੀ ਸਟੇਜ ਸਾਂਝੀ ਨਾ ਕਰਨ ਦਿੱਤੀ ਜਾਵੇ।”
