ਦਿੱਲੀ ਵਿਚ ਜੱਜ ਬਣੀ ਕਿਸਾਨ ਦੀ ਧੀ ਵਿਨਰਜੀਤ ਕੌਰ

ਗਿੱਦੜਬਾਹਾ ਦੇ ਨੇੜਲੇ ਪਿੰਡ ਰੂਖਾਲਾ ਦੀ ਧੀ ਵਿਨਰਜੀਤ ਕੌਰ ਦਾ ਸੁਪਨਾ ਸੀ ਕਿ ਉਹ ਵੱਡੀ ਹੋ ਕੇ ਜੱਜ ਬਣੇ। ਪਿੰਡ ਰੂਖਾਲਾ ਦੀ ਰਹਿਣ ਵਾਲੀ ਵਿਨਰਜੀਤ ਕੌਰ ਨੇ ਦਿੱਲੀ ਜਿਊਡਿਸ਼ਿਅਲ ਦੀ ਪਰੀਖਿਆ ਪਾਸ ਕਰ ਕੇ ਦਿੱਲੀ ਹਾਈਕੋਰਟ ਦੀ ਜੱਜ ਬਣ ਕੇ ਅਪਣੇ ਮਾਤਾ-ਪਿਤਾ ਤੇ ਪਿੰਡ ਵਾਸੀਆਂ ਦਾ ਨਾਮ ਰੌਸ਼ਨ ਕੀਤਾ ਹੈ।

ਜੱਜ ਬਣਨ ਤੋਂ ਬਾਅਦ ਅਪਣੇ ਪਿੰਡ ਰੂਖਾਲਾ ਪਹੁੰਚੀ ਵਿਨਰਜੀਤ ਕੌਰ ਨੇ ਦਸਿਆ ਕਿ ਬਚਪਨ ਤੋਂ ਹੀ ਉਹ ਕੋਰਟ ਦੇਖਣ ਦਾ ਸ਼ੌਂਕ ਰੱਖਦੀ ਸੀ ਅਤੇ ਉਹ ਅਕਸਰ ਅਪਣੇ ਪਿਤਾ ਨਾਲ ਕਚਹਿਰੀ ਦੇਖਣ ਲਈ ਜਿਦ ਕਰਦੀ ਰਹਿੰਦੀ ਸੀ। ਪਰ ਉਸ ਦੇ ਪਿਤਾ ਉਸ ਨੂੰ ਹਮੇਸ਼ਾ ਇਹੀ ਕਿਹਾ ਕਰਦੇ ਸਨ ਕਿ ਭਗਵਾਨ ਕਿਸੇ ਨੂੰ ਵੀ ਕੋਰਟ, ਕਚਹਿਰੀ ਅਤੇ ਡਾਕਟਰ ਕੋਲ ਨਾ ਭੇਜੇ।
ਵਿਨਰਜੀਤ ਕੌਰ ਨੇ ਦਸਿਆ ਕਿ ਹੁਣ ਉਸ ਦਾ ਕੋਰਟ ਦੇਖਣ ਦਾ ਸੁਫ਼ਨਾ ਸੱਚ ਹੋ ਗਿਆ ਹੈ। ਵਿਨਰਜੀਤ ਕੌਰ ਨੇ ਅਪਣੀ ਮੁਢਲੀ ਸਿਖਿਆ ਸ਼ਿਮਲਾ ਅਤੇ ਹਿਸਾਰ ਤੋਂ ਪ੍ਰਾਪਤ ਕੀਤੀ ਹੈ। ਉਸ ਨੇ 2008 ਵਿੱਚ ਡੀਏਵੀ ਸਕੂਲ ਚੰਡੀਗੜ੍ਹ ਵਿੱਚ ਆਲ ਇੰਡੀਆ ਡੀਏਵੀ ਸਕੂਲ ਵਿੱਚੋਂ 12ਵੀਂ ਜਮਾਤ ਵਿੱਚ ਇਤਿਹਾਸ ਵਿੱਚ ਟਾਪ ਕੀਤਾ ਸੀ।
ਇਸ ਤੋਂ ਬਾਅਦ ਵਿਨਰਜੀਤ ਕੌਰ ਨੇ ਬੀਏ ਐਮਸੀਐਮ ਮੇਹਰਚੰਦ ਮਹਾਜਨ ਕਾਲਜ ਚੰਡੀਗੜ੍ਹ ਤੋਂ 2011 ਵਿੱਚ ਪਾਸ ਕੀਤੀ। ਉਹ ਪੰਜਾਬੀ ਦੇ ਚਲਦੇ ਇਕ ਵਾਰ ਪੰਜਾਬ ਵਿੱਚ ਟੈਸਟ ਦੇਣ ਤੋਂ ਬਾਅਦ ਪਰੀਖਿਆ ਕਲੀਅਰ ਨਹੀਂ ਕਰ ਸਕੀ। ਦਿੱਲੀ ਵਿੱਚ ਵੀ ਉਹਨਾਂ ਨੇ ਦੋ ਵਾਰ ਅਸਫ਼ਲ ਰਹਿਣ ਤੋਂ ਬਾਅਦ ਵੀ ਹਾਰ ਨਹੀਂ ਮੰਨੀ ਅਤੇ ਅਖੀਰ ਤੀਜੀ ਵਾਰ ਕਾਮਯਾਬੀ ਹਾਸਲ ਕੀਤੀ।
