ਦਿੱਲੀ ਬਣਿਆ ਸਭ ਤੋਂ ਵੱਧ CCTV ਲਾਉਣ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਦੀ ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ, “ਪ੍ਰਤੀ ਵਰਗ ਮੀਲ ਤੇ ਸਭ ਤੋਂ ਜ਼ਿਆਦਾ ਸੀਸੀਟੀਵੀ ਕੈਮਰੇ ਲਵਾਉਣ ਦੇ ਮਾਮਲੇ ਵਿੱਚ ਦਿੱਲੀ ਨੇ ਨਿਊਯਾਰਕ, ਲੰਡਨ ਅਤੇ ਸ਼ੰਘਾਈ ਵਰਗੇ ਵੱਡੇ ਸ਼ਹਿਰਾਂ ਨੂੰ ਪਿੱਛੇ ਛੱਡ ਦਿੱਤਾ ਹੈ।” ਫੋਰਬਸ ਇੰਡੀਆ ਦੇ ਅਧਿਕਾਰਕ ਟਵਿੱਟਰ ਅਕਾਊਂਟ ਤੋਂ ਕੀਤੇ ਟਵੀਟ ਤੇ ਪ੍ਰਤੀਕਿਰਿਆ ਕਰਦੇ ਹੋਏ ਲਿਖਿਆ, “ਦਿੱਲੀ ਵਿੱਚ 1826 ਕੈਮਰੇ ਅਤੇ ਲੰਡਨ ਵਿੱਚ 1138 ਕੈਮਰੇ ਪ੍ਰਤੀ ਵਰਗ ਮੀਲ ਤੇ ਲੱਗੇ ਹਨ।

ਤੇਜ਼ੀ ਨਾਲ ਕੰਮ ਕਰ ਕੇ ਇੰਨੇ ਘੱਟ ਸਮੇਂ ਵਿੱਚ ਇਸ ਮੁਕਾਮ ਨੂੰ ਹਾਸਲ ਕਰਨ ਲਈ ਸਾਡੇ ਅਧਿਕਾਰੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ।” ਦਿੱਲੀ ਵਿੱਚ ਲੋਕ ਨਿਰਮਾਣ ਵਿਭਾਗ ਵੱਲੋਂ ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹਨ। ਦਿੱਲੀ ਸਰਕਾਰ ਦਾ ਟੀਚਾ ਕਰੀਬ 2.8 ਲੱਖ ਸੀਸੀਟੀਵੀ ਕੈਮਰੇ ਲਾਉਣਾ ਹੈ। ਪੀਡਬਲਯਿਊਡੀ ਅਧਿਕਾਰੀਆਂ ਮੁਤਾਬਕ, ਦਸੰਬਰ 2019 ਤੱਕ ਸ਼ਹਿਰ ਵਿੱਚ 1,05,000 ਤੋਂ ਵੱਧ ਸੀਸੀਟੀਵੀ ਕੈਮਰੇ ਲੱਗ ਚੁੱਕੇ ਹਨ।
ਫੋਰਬਸ ਇੰਡੀਆ ਦੀ ਰਿਪੋਰਟ ਮੁਤਾਬਕ ਦਿੱਲੀ ਵਿੱਚ ਪ੍ਰਤੀ ਵਰਗ ਮੀਲ ਵਿੱਚ 1.826.6 ਸੀਸੀਟੀਵੀ ਕੈਮਰੇ ਲੱਗੇ ਹਨ। ਇਸ ਲਿਸਟ ਵਿੱਚ ਚੇਨੱਈ ਤੀਜੇ ਸਥਾਨ ਤੇ ਹਨ ਜਿੱਥੇ ਪ੍ਰਤੀ ਵਰਗ ਮੀਲ ਤੇ 606.6 ਸੀਸੀਟੀਵੀ ਕੈਮਰੇ ਲੱਗੇ ਹਨ। ਮੁੰਬਈ 18ਵੇਂ ਸਥਾਨ ਤੇ ਹੈ ਜਿੱਥੇ ਕਿ 157.4 ਸੀਸੀਟੀਵੀ ਕੈਮਰੇ ਲੱਗੇ ਹਨ।
