News

ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਦੇ ਭਰਾ ਨੂੰ ਗ਼ੈਰ ਕਾਨੂੰਨੀ ਹਿਰਾਸਤ ’ਚ ਰੱਖਣ ਦੇ ਇਲਜ਼ਾਮ ਤੋਂ ਕੀਤਾ ਸਾਫ਼ ਇਨਕਾਰ

ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਪੰਜਾਬ ’ਚ ਗ਼ੈਰ-ਕਾਨੂੰਨੀ ਹਿਰਾਸਤ ’ਚ ਰੱਖ ਦੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ ਪਰ ਪੁਲਿਸ ਨੇ ਇਹ ਮੰਨਿਆ ਹੈ ਕਿ ਉਸ ਤੋਂ ਪੁੱਛਗਿੱਛ ਜ਼ਰੂਰ ਕੀਤੀ ਗਈ ਸੀ। ਖਬਰ ਏਜੰਸੀ ਏ.ਐੱਨ.ਆਈ. ਨੇ ਇਸ ਸਬੰਧੀ ਇੱਕ ਤੋਂ ਬਾਅਦ ਇੱਕ ਦੋ ਟਵੀਟ ਕੀਤੇ ਨੇ, ਜਿਨ੍ਹਾਂ ਨੂੰ ਦਿੱਲੀ ਪੁਲਿਸ ਵੱਲੋਂ ਰੀਟਵੀਟ ਵੀ ਕੀਤਾ ਗਿਆ ਹੈ।

ਟਵੀਟ ਮੁਤਾਬਕ ਪੁਲਿਸ ਨੇ ਮੰਨਿਆ ਹੈ ਕਿ ਉਨ੍ਹਾਂ ਵੱਲੋਂ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਨੂੰ ਕ੍ਰੀਮੀਨਲ ਲਾਅ ਮੁਤਾਬਕ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀ, ਅਤੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਮੁੜ ਤੋਂ ਲੋੜ ਪੈਣ ਤੇ ਬੁਲਾਉਣ ਦੇ ਵਾਅਦੇ ਹੇਠ ਛੱਡਿਆ ਗਿਆ, ਪਰ ਨਾਲ ਹੀ ਟਵੀਟ ਵਿੱਚ ਦਿੱਲੀ ਪੁਲਿਸ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਪੁਲਿਸ ਉੱਪਰ ਲੱਗ ਰਹੇ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਅਤੇ ਉਸ ਨੂੰ ਗ਼ਲਤ ਤਰੀਕੇ ਨਾਲ ਬੰਧਕ ਬਣਾ ਕੇ ਰੱਖਣ ਦੇ ਇਲਜ਼ਾਮ ਝੂਠੇ ਹਨ।

ਪੁਲਿਸ ਮੁਤਾਬਕ ਲੱਖਾ ਸਿਧਾਣਾ ਦੇ ਭਰਾ ਉਪਰ ਕੀਤੀ ਕਾਰਵਾਈ ਪੂਰੀ ਤਰ੍ਹਾਂ ਕਾਨੁੰਨ ਮੁਤਾਬਕ ਸੀ। ਉਹਨਾਂ ਅੱਗੇ ਕਿਹਾ ਕਿ ਰਾਜਧਾਨੀ ‘ਚ ਗਣਤੰਤਰ ਦਿਵਸ ‘ਤੇ ਹਿੰਸਾ ਦੇ ਸਿਲਸਿਲੇ ‘ਚ ਕਈ ਮਾਮਲੇ ਦਰਜ ਕੀਤੇ ਗਏ ਹਨ, ਕਾਫ਼ੀ ਗਿਣਤੀ ‘ਚ ਸ਼ੱਕੀਆਂ ਤੋਂ ਪੁੱਛ-ਗਿੱਛ ਕੀਤੀ ਗਈ ਹੈ ਅਤੇ ਦਿੱਲੀ ਤੇ ਕਈ ਹੋਰ ਸੂਬਿਆਂ ਦੇ ਕਰੀਬ 160 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਦੱਸ ਦੇਈਏ ਕਿ ਲੱਖਾ ਸਿਧਾਣਾ ਦਿੱਲੀ ਪੁਲਿਸ ਨੂੰ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਵਾਪਰੀ ਹਿੰਸਾ ਦੇ ਮਾਮਲੇ ’ਚ ਲੋੜੀਂਦਾ ਹੈ। ਪੁਲਿਸ ਅਨੁਸਾਰ 8 ਅਪ੍ਰੈਲ ਨੂੰ ਦਿੱਲੀ ਪੁਲਿਸ ਦੇ ਇੱਕ ਵਿਸ਼ੇਸ਼ ਸੈੱਲ ਦੀ ਟੀਮ ਜਦੋਂ ਪਟਿਆਲਾ ਲਾਗਲੇ ਇਲਾਕਿਆਂ ਵਿੱਚ ਲੱਖਾ ਸਿਧਾਣਾ ਦੀ ਭਾਲ ’ਚ ਘੁੰਮ ਰਹੀ ਸੀ ਤਦ ਉਨ੍ਹਾਂ ਗੁਰਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਸੀ। ਪੁਲਿਸ ਅਨੁਸਾਰ ਗੁਰਦੀਪ ਸਿੰਘ ਤੋਂ ਸਿਰਫ਼ ਲੱਖਾ ਸਿਧਾਣਾ ਦੇ ਲੁਕਣ ਦਾ ਟਿਕਾਣਾ ਤੇ ਉਸ ਦੀਆਂ ਹੋਰ ਗਤੀਵਿਧੀਆਂ ਬਾਰੇ ਪੁੱਛਿਆ ਗਿਆ ਸੀ। ਉਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸੀ, ਜਦਕਿ ਪਰਿਵਾਰ ਦਾ ਇਲਜ਼ਾਮ ਹੈ ਕਿ ਗੁਰਦੀਪ ਸਿੰਘ ਉੱਪਰ ਥਰਡ ਡਿਗਰੀ ਟਾਰਚਰ ਦੀ ਵਰਤੋਂ ਕੀਤੀ ਗਈ ਹੈ।

Click to comment

Leave a Reply

Your email address will not be published. Required fields are marked *

Most Popular

To Top