ਦਿੱਲੀ ’ਚ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਪਹੁੰਚ ਰਿਹਾ ਕਾਫ਼ਲਾ, ਦਿੱਲੀ ਦੇ ਕਈ ਬਾਰਡਰ ਬੰਦ

ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸਰਕਾਰ ਨੇ ਕੱਲ੍ਹ ਕਿਸਾਨਾਂ ਨਾਲ ਬੈਠਕ ਕੀਤੀ ਸੀ ਪਰ ਇਸ ਵਾਰ ਵੀ ਇਹ ਬੈਠਕ ਬੇਸਿੱਟਾ ਹੀ ਰਹੀ। ਹੁਣ ਇਹ ਬੈਠਕ 3 ਦਸੰਬਰ ਨੂੰ ਦੁਬਾਰਾ ਕੀਤੀ ਜਾਵੇਗੀ। ਉਧਰ ਮੇਵਾਤ ਤੋਂ ਵੀ ਕਿਸਾਨ ਦਿੱਲੀ ਵਿੱਚ ਅੰਦੋਲਨ ਕਰਨ ਲਈ ਜਾ ਰਹੇ ਹਨ।

ਕੱਲ੍ਹ ਜ਼ਿਲ੍ਹੇ ਤੋਂ ਨਿੱਕਲੇ ਇਨ੍ਹਾਂ ਕਿਸਾਨਾਂ ‘ਚੋਂ ਕਰੀਬ 30 ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਨੇ ਇਨ੍ਹਾਂ ਕਿਸਾਨਾਂ ਨੂੰ ਗੁਰੂਗ੍ਰਾਮ ਰੋਕ ਕੇ ਰੱਖਿਆ ਹੈ। ਸਾਵਧਾਨੀ ਦੇ ਤੌਰ ‘ਤੇ ਪੁਲਿਸ ਨੇ ਦਿੱਲੀ-ਨੌਇਡਾ ਦਾ ਚਿੱਲਾ ਬਾਰਡਰ ਵੀ ਬੰਦ ਕਰ ਦਿੱਤਾ ਹੈ।
ਕਿਸਾਨ ਅੰਦੋਲਨ ਕਾਰਨ ਉੱਤਰੀ ਰੇਲਵੇ ਵੱਲੋਂ ਚਲਾਈਆਂ ਜਾਣ ਵਾਲੀਆਂ ਕੁਝ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੋ ਦਸੰਬਰ ਤੋਂ ਸ਼ੁਰੂ ਹੋਣ ਵਾਲੀ ਅਜਮੇਰ-ਅੰਮ੍ਰਿਤਸਰ ਐਕਸਪ੍ਰੈਸ (09613) ਵਿਸ਼ੇਸ਼ ਟ੍ਰੇਨ ਰੱਦ ਰਹੇਗੀ। ਤਿੰਨ ਦਸੰਬਰ ਤੋਂ ਸ਼ੁਰੂ ਹੋਣਵ ਵਾਲੀ 09612 ਅੰਮ੍ਰਿਤਸਰ-ਅਜਮੇਰ ਸਪੈਸ਼ਲ ਟ੍ਰੇਨ ਵੀ ਰੱਦ ਰਹੇਗੀ।
ਪੰਚਾਇਤਾਂ ਨੇ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਹਰ ਇਕ ਪਰਿਵਾਰ ‘ਚੋਂ ਘੱਟੋ ਘੱਟ ਇਕ ਮੈਂਬਰ ਦਿੱਲੀ ਜ਼ਰੂਰ ਭੇਜਿਆ ਜਾਵੇ। ਜਿਸ ਨਾਲ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਹੌਸਲਾ ਵਧਾਇਆ ਜਾ ਸਕੇ। ਸਰਕਾਰ ‘ਤੇ ਦਬਾਅ ਪਾਉਣ ਲਈ ਕਿਸਾਨ ਹੁਣ ਹੋਰ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਇਕੱਠਾ ਕਰਨ ਦੇ ਯਤਨਾਂ ‘ਚ ਜੁੱਟ ਗਏ ਹਨ।
ਮੰਗਲਵਾਰ ਹਰਿਆਣਾ ਦੇ ਆੜ੍ਹਤੀਆਂ ਨੇ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ ਇਕ ਦਿਨ ਦੀ ਸੰਕੇਤਕ ਹੜਤਾਲ ਕੀਤੀ। ਦਰਅਸਲ ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ‘ਚ ਆੜ੍ਹਤੀਆਂ ਦੀ ਭੂਮਿਕਾ ਖਤਮ ਕਰ ਦਿੱਤੀ ਗਈ ਹੈ। ਪੰਜਾਬ ਦੇ ਕਿਸਾਨ ਤੇ ਲੀਡਰ ਵੀ ਆੜ੍ਹਤੀਆਂ ਦੇ ਸਮਰਥਨ ‘ਚ ਆਵਾਜ਼ ਚੁੱਕ ਰਹੇ ਹਨ।
