ਦਿੱਲੀ ’ਚ ਖੁੱਲ੍ਹਿਆ ‘ਕਿਡਨੀ ਡਾਇਲਸਿਸ ਹਸਪਤਾਲ’, ਇਲਾਜ ਹੋਵੇਗਾ ਮੁਫ਼ਤ

ਪਿਛਲੇ 15 ਸਾਲਾਂ ਵਿੱਚ ਦੇਸ਼ ਵਿੱਚ ਕਿਡਨੀ ਫੇਲ੍ਹ ਹੋਣ ਦੀ ਸਮੱਸਿਆ ਦੁਗਣੀ ਤੇਜ਼ੀ ਨਾਲ ਵਧ ਰਹੀ ਹੈ। ਇੰਨਾ ਹੀ ਨਹੀਂ ਕਿਡਨੀ ਡਾਇਲਸਿਸ ਲਈ ਜ਼ਿਆਦਾ ਹਸਪਤਾਲ ਨਾ ਹੋਣ ਕਾਰਨ ਪ੍ਰਾਈਵੇਟ ਹਸਪਤਾਲਾਂ ਵਿੱਚ ਬਹੁਤ ਜ਼ਿਆਦਾ ਪੈਸਾ ਲਗਾਉਣ ਕਾਰਨ ਕਿਡਨੀ ਮਰੀਜ਼ਾਂ ਨੂੰ ਇਸ ਰੋਗ ਤੋਂ ਇਲਾਵਾ ਵੀ ਕਈ ਹੋਰ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ। ਹਾਲਾਂਕਿ ਹੁਣ ਦਿੱਲੀ ਵਿੱਚ ਦੇਸ਼ ਦਾ ਪਹਿਲਾ ਹਾਈਟੈਕ ਸੁਵਿਧਾਵਾਂ ਨਾਲ ਲੈਸ ਕਿਡਨੀ ਡਾਇਲਸਿਸ ਹਸਪਤਾਲ ਖੋਲ੍ਹਿਆ ਗਿਆ ਹੈ ਜਿਸ ਵਿੱਚ ਇਲਾਜ ਪੂਰੀ ਤਰ੍ਹਾਂ ਫ੍ਰੀ ਹੋਵੇਗਾ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਬਾਲਾ ਸਾਹਿਬ ਗੁਰਦੁਆਰੇ ਦੇ ਇਕ ਹਿੱਸੇ ਵਿੱਚ ਖੁਲ੍ਹੇ ਗਏ ਹਰੀਕਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ ਐਂਡ ਰਿਸਰਚ ਕਿਡਨੀ ਡਾਇਲਸਿਸ ਹਸਪਤਾਲ ਦਾ ਅੱਜ ਉਦਘਾਟਨ ਹੋਇਆ ਹੈ। ਡੀਐਸਜੀਪੀਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਕ ਹਿੰਦੀ ਚੈਨਲ ਨੂੰ ਦਸਿਆ ਕਿ ਇਹ ਅਪਣੇ ਆਪ ਵਿੱਚ ਪਹਿਲਾ ਹਸਪਤਾਲ ਹੈ ਜਿੱਥੇ ਕੋਈ ਕੈਸ਼ ਕਾਉਂਟਰ ਨਹੀਂ ਹੋਵੇਗਾ।
ਸਿਰਫ ਮਰੀਜ਼ਾਂ ਲਈ ਰਜਿਸਟ੍ਰੇਸ਼ਨ ਕਾਉਂਟਰ ਹੋਵੇਗਾ। ਮਰੀਜ਼ ਤੋਂ ਇਕ ਵੀ ਰੁਪਿਆ ਨਹੀਂ ਲਿਆ ਜਾਵੇਗਾ। ਸਿਰਸਾ ਨੇ ਅੱਗੇ ਦਸਿਆ ਕਿ ਇਸ ਹਸਪਤਾਲ ਵਿੱਚ 50 ਬੈੱਡ ਅਤੇ 50 ਹਵਾਈ ਜਹਾਜ਼ ਦੇ ਬਿਜਨਸ ਕਲਾਸ ਵਿੱਚ ਮਿਲਣ ਵਾਲੀਆਂ ਇਲੈਕਟ੍ਰਾਨਿਕ ਕੁਰਸੀਆਂ ਹਨ। ਇੱਥੇ ਲੱਗਣ ਵਾਲੀਆਂ ਮਸ਼ੀਨਾਂ ਅਤੇ ਉਪਕਰਨ ਜਰਮਨੀ ਤੋਂ ਮੰਗਵਾਏ ਗਏ ਹਨ। ਸਾਰੀਆਂ ਮਸ਼ੀਨਾਂ ਅਧੁਨਿਕ ਹੋਣ ਦੇ ਨਾਲ ਹੀ ਲੇਟੈਸਟ ਟੈਕਨਾਲੋਜੀ ਨਾਲ ਲੈਸ ਹਨ। ਇਕ ਦਿਨ ਵਿੱਚ ਕਰੀਬ 500 ਮਰੀਜ਼ਾਂ ਦੇ ਕਿਡਨੀ ਡਾਇਲਸਿਸ ਦੀ ਸੁਵਿਧਾ ਹੋਵੇਗੀ।
ਇਕ ਮਰੀਜ਼ ਦਾ ਡਾਇਲਸਿਸ ਕਰੀਬ 3-4 ਘੰਟੇ ਚਲਦਾ ਹੈ ਅਜਿਹੇ ਵਿੱਚ 100 ਬੈੱਡ ਤੇ ਵਾਰੀ ਵਾਰੀ ਲੋਕ ਇਲਾਜ ਕਰਵਾ ਸਕਣਗੇ। ਇਸ ਦੇ ਲਈ ਕੋਈ ਪਹਿਚਾਣ ਪੱਤਰ ਨਹੀਂ ਮੰਗਿਆ ਜਾਵੇਗਾ, ਸਿਰਫ ਇਲਾਜ ਦੇ ਕਾਗਜ਼ ਦਿਖਾਉਣੇ ਪੈਣਗੇ। ਇਸ ਹਸਪਤਾਲ ਵਿੱਚ ਮੰਨੇ-ਪ੍ਰਮੰਨੇ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ।
ਇਸ ਹਸਪਤਾਲ ਦੇ ਉਦਘਾਟਨ ਤੋਂ 2 ਦਿਨ ਬਾਅਦ ਹੀ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ। ਹਾਲਾਂਕਿ ਇਕ ਹਫ਼ਤੇ ਬਾਅਦ ਇੱਥੇ ਆਨਲਾਈਨ ਰਜਿਸਟ੍ਰੇਸ਼ਨ ਦੀ ਵੀ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ। ਮਰੀਜ਼ਾਂ ਤੋਂ ਇਲਾਵਾ ਪਰਿਵਾਰ ਦੇ ਮੈਂਬਰਾਂ ਲਈ ਵੀ ਖਾਣ-ਪੀਣ ਮੁਫ਼ਤ ਹੋਵੇਗਾ।
