ਦਾੜ੍ਹੀ-ਮੁੱਛ ’ਤੇ ਕੁਮੈਂਟ ਕਰਨ ’ਤੇ ਬੁਰੀ ਫਸੀ ਭਾਰਤੀ, ਵੀਡੀਓ ਜਾਰੀ ਕਰ ਮੰਗੀ ਮੁਆਫ਼ੀ

ਕਾਮੇਡੀਅਨ ਭਾਰਤੀ ਸਿੰਘ ਨੇ ਦਾੜ੍ਹੀ ਮੁੱਛ ਨੂੰ ਲੈ ਕੇ ਭੱਦੀ ਟਿੱਪਣੀ ਕੀਤੀ ਸੀ। ਲੋਕਾਂ ਨੇ ਇਸ ਮਸਲੇ ਤੇ ਭਾਰਤੀ ਸਿੰਘ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਭਾਰਤੀ ਨੇ ਆਪਣੇ ਬਿਆਨ ਨੂੰ ਲੈ ਕੇ ਮੁਆਫ਼ੀ ਮੰਗ ਲਈ ਹੈ। ਸੋਮਵਾਰ ਨੂੰ ਇੰਸਟਾਗ੍ਰਾਮ ਤੇ ਉਸ ਨੇ ਇੱਕ ਵੀਡੀਓ ਜਾਰੀ ਕੀਤਾ ਤੇ ਕਿਹਾ ਕਿ ਉਹ ਸਿਰਫ ਕਾਮੇਡੀ ਕਰ ਰਹੀ ਸੀ। ਭਾਰਤੀ ਨੇ ਕਿਹਾ ਕਿ ਮੈਂ ਲੋਕਾਂ ਨੂੰ ਖੁਸ਼ ਕਰਨ ਲਈ ਕਾਮੇਡੀ ਕਰਦੀ ਹਾਂ, ਕਿਸੇ ਦਾ ਦਿਲ ਦੁਖਾਉਣ ਲਈ ਨਹੀਂ।
ਉਹਨਾਂ ਕਿਹਾ ਕਿ ਜੇ ਮੇਰੀਆਂ ਗੱਲਾਂ ਨਾਲ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਮੈਨੂੰ ਆਪਣੀ ਭੈਣ ਸਮਝ ਕੇ ਮੁਆਫ਼ ਕਰ ਦੇਣਾ। ਭਾਰਤੀ ਦੇ ਇਸ ਬਿਆਨ ਤੋਂ ਬਾਅਦ ਟਵਿੱਟਰ ਤੇ ਉਸ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਭਾਰਤੀ ਸਿੰਘ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਹੈ।
ਮਾਮਲਾ ਵਧਦਾ ਦੇਖ ਭਾਰਤੀ ਸਿੰਘ ਨੇ ਬਿਆਨ ਜਾਰੀ ਕਰਕੇ ਪਾਸਿਓਂ ਪੂਰੀ ਤਸਵੀਰ ਸਾਫ਼ ਕਰ ਦਿੱਤੀ ਤੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਮੁਆਫ਼ੀ ਵੀ ਮੰਗ ਲਈ। ਭਾਰਤੀ ਨੇ ਮੁਆਫ਼ੀ ਵਾਲੀ ਵੀਡੀਓ ਜਾਰੀ ਕਰ ਕਿਹਾ, “ਮੈਂ ਉਸ ਵੀਡੀਓ ਨੂੰ ਵਾਰ-ਵਾਰ ਦੇਖਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਵੀ ਉਹ ਵੀਡੀਓ ਜ਼ਰੂਰ ਦੇਖੋ।
ਉਨ੍ਹਾਂ ਕਿਹਾ, ”ਮੈਂ ਕਿਸੇ ਵੀ ਧਰਮ ਜਾਂ ਜਾਤ ਬਾਰੇ ਇਹ ਨਹੀਂ ਕਿਹਾ ਕਿ ਇਸ ਧਰਮ ਦੇ ਲੋਕ ਦਾੜ੍ਹੀ ਰੱਖਦੇ ਹਨ ਤੇ ਇਹ ਸਮੱਸਿਆ ਹੈ। ਤੁਸੀਂ ਵੀਡੀਓ ਦੇਖੋ। ਮੈਂ ਕਿਸੇ ਪੰਜਾਬੀ ਬਾਰੇ ਇਹ ਨਹੀਂ ਕਿਹਾ ਕਿ ਪੰਜਾਬੀ ਲੋਕ ਦਾੜ੍ਹੀ ਰੱਖਦੇ ਹਨ ਜਾਂ ਦਾੜ੍ਹੀ ਮੁੱਛਾਂ ਦਿੱਕਤ ਹੁੰਦੀ ਹੈ। …
ਮੈਂ ਆਪਣੇ ਦੋਸਤ ਨਾਲ ਕਾਮੇਡੀ ਕਰ ਰਹੀ ਸੀ…ਪਰ ਮੇਰੇ ਇਕ ਸ਼ਬਦ ਨੇ ਜੇ ਕਿਸੇ ਵੀ ਧਰਮ ਦੇ ਲੋਕਾਂ ਦੇ ਦਿਲ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦੀ ਹਾਂ। “ਭਾਰਤੀ ਸਿੰਘ ਨੇ ਵੀਡੀਓ ‘ਚ ਕਿਹਾ ਕਿ ਉਹ ਖੁਦ ਪੰਜਾਬੀ ਹੈ ਤੇ ਉਸ ਦਾ ਜਨਮ ਅੰਮ੍ਰਿਤਸਰ ‘ਚ ਹੋਇਆ ਹੈ। ਇਸ ਲਈ ਉਹ ਪੰਜਾਬ ਦਾ ਪੂਰਾ ਸਤਿਕਾਰ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਹੋਣ ‘ਤੇ ਮਾਣ ਹੈ।
