ਦਰਬਾਰ ਸਾਹਿਬ ‘ਚ ਪਹੁੰਚੇ ਭਾਜਪਾ ਆਗੂ ਵਿਜੇ ਸਾਂਪਲਾ ਦਾ ਲੋਕਾਂ ਵੱਲੋਂ ਜ਼ਬਰਦਸਤ ਵਿਰੋਧ

ਦੇਸ਼ ਵਿਦੇਸ਼ਾਂ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਪੰਜਾਬ ‘ਚ ਤਾਂ ਕਿਸਾਨ ਖੇਤੀ ਕਾਨੂੰਨਾਂ ਦੇ ਨਾਲ ਨਾਲ ਭਾਜਪਾ ਆਗੂਆਂ ਨੂੰ ਵੀ ਭਾਜੜਾਂ ਪਾ ਰਹੇ ਹਨ। ਅਜਿਹਾ ਹੀ ਕੁੱਝ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਨਤਮਸਤਕ ਹੋਣ ਲਈ ਪਹੁੰਚੇ ਭਾਜਪਾ ਆਗੂ ਵਿਜੇ ਸਾਂਪਲਾ ਨੂੰ ਕੁੱਝ ਨੌਜਵਾਨਾਂ ਵੱਲੋਂ ਘੇਰਾ ਪਾ ਲਿਆ ਗਿਆ ਅਤੇ ਕਿਸਾਨੀ ਮਸਲੇ ‘ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ।

ਇਸ ਦੌਰਾਨ ਵਕੀਲ ਨੌਜਵਾਨ ਸੁਰਜੀਤ ਸਿੰਘ ਨੇ ਕਿਹਾ ਹੈ ਕਿ ਉਸ ਵੱਲੋਂ ਵਿਜੇ ਸਾਂਪਲਾ ਦਾ ਕੋਈ ਵਿਰੋਧ ਨਹੀਂ ਕੀਤਾ ਗਿਆ। ਮਹਿਜ਼ ਉਹਨਾਂ ਨੂੰ ਕਿਸਾਨੀ ਅੰਦੋਲਨ ਬਾਰੇ ਸਵਾਲ ਕੀਤਾ ਗਿਆ ਸੀ। ਨੌਜਵਾਨ ਨੇ ਦੱਸਿਆ ਕਿ ਉਸ ਵੱਲੋਂ ਪੁੱਛੇ ਗਏ ਸਵਾਲ ਦਾ ਵਿਜੇ ਸਾਂਪਲਾ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਉੱਧਰ ਭਾਜਪਾ ਆਗੂ ਵਿਜੇ ਸਾਂਪਲਾ ਕਿਸਾਨੀ ਮਸਲੇ ‘ਤੇ ਜਿੱਥੇ ਚੁੱਪ ਵੱਟਦੇ ਦਿਖਾਈ ਦਿੱਤੇ ਉੱਥੇ ਹੀ ਉਹਨਾਂ ਕਿਹਾ ਕਿ ਅਨੁਸੂਚਿਤ ਜਾਤੀ ਨਾਲ ਹੋਣ ਵਾਲੇ ਧੱਕੇ ਖਿਲਾਫ਼ ਹਮੇਸ਼ਾ ਅਵਾਜ਼ ਬੁਲੰਦ ਕੀਤੀ ਜਾਵੇਗੀ।
ਦੱਸ ਦਈਏ ਕਿ ਕਿਸਾਨ ਪਿਛਲੇ 3 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਅਜਿਹੇ ‘ਚ ਉਹਨਾਂ ਵੱਲੋਂ ਆਏ ਦਿਨ ਕਿਸਾਨ ਸੰਘਰਸ਼ ਨੂੰ ਤੇਜ਼ ਕੀਤਾ ਜਾ ਰਿਹਾ ਅਤੇ ਨਾਲ ਹੀ ਭਾਜਪਾ ਆਗੂਆਂ ਦਾ ਪੰਜਾਬ ‘ਚ ਵਿਰੋਧ ਵੀ ਲਗਾਤਾਰ ਜਾਰੀ ਹੈ।
