ਥਰਮਲ ਪਲਾਂਟਾਂ ‘ਚ 1 ਤੋਂ 5 ਦਿਨਾਂ ਦਾ ਬਚਿਆ ਕੋਲਾ! ਪਲਾਂਟਾਂ ਦੀ ਸਮਰੱਥਾ ਮੁਤਾਬਕ ਨਹੀਂ ਪੈਦਾ ਕੀਤੀ ਜਾ ਰਹੀ ਬਿਜਲੀ

ਪੰਜਾਬ ਦੇ ਦੋ ਨਿੱਜੀ ਅਤੇ ਦੋ ਸਰਕਾਰੀ ਥਰਮਲ ਪਲਾਂਟਾਂ ਵਿੱਚ ਸਿਰਫ਼ 1 ਤੋਂ 5 ਦਿਨ ਦਾ ਕੋਲਾ ਬਚਿਆ ਹੈ। ਸਰਕਾਰੀ ਥਰਮਲ ਪਲਾਂਟਾਂ ਵਿੱਚ ਉਨ੍ਹਾਂ ਦੀ ਸਮਰੱਥਾ ਮੁਤਾਬਕ ਬਿਜਲੀ ਪੈਦਾ ਨਹੀਂ ਕੀਤੀ ਜਾ ਰਹੀ ਹੈ। ਜੇ ਕੋਲੇ ਦੀ ਸਪਲਾਈ ਨਾ ਹੋਈ ਤਾਂ ਥਰਮਲ ਪਲਾਂਟ ਕਿਸੇ ਵੇਲੇ ਵੀ ਠੰਡੇ ਹੋ ਸਕਦੇ ਹਨ। ਦੂਜੇ ਪਾਸੇ ਕੋਲਾ ਸੰਕਟ ਦਰਮਿਆਨ ਕੇਂਦਰ ਸਰਕਾਰ ਨੇ ਪਾਵਰਕੌਮ ਨੂੰ ਝਟਕਾ ਦਿੱਤਾ ਹੈ।
ਕੇਂਦਰ ਨੇ ਪੱਤਰ ਜਾਰੀ ਕਰਕੇ ਥਰਮਲ ਪਲਾਂਟਾਂ ਵਿੱਚ 6 ਫੀਸਦੀ ਵਿਦੇਸ਼ੀ ਕੋਲੇ ਦੀ ਵਰਤੋਂ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਸ ਫੈਸਲੇ ਨਾਲ ਪਾਵਰਕੌਮ ’ਤੇ 250-300 ਕਰੋੜ ਰੁਪਏ ਦਾ ਆਰਥਿਕ ਬੋਝ ਪਵੇਗਾ। ਇੱਥੇ ਰਾਪੜ-ਜੀਵੀਕੇ ਪਾਵਰ ਥਰਮਲ ਦਾ 1-1 ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਪਿਆ ਹੈ। ਵੀਰਵਾਰ ਨੂੰ ਸਾਰੇ ਥਰਮਲ ਪਲਾਂਟਾਂ ਅਤੇ ਹੋਰ ਸਰੋਤਾਂ ਤੋਂ 4858 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ।
ਜਦਕਿ ਬਿਜਲੀ ਦੀ ਸਭ ਤੋਂ ਵੱਧ ਮੰਗ 8 ਹਜ਼ਾਰ 105 ਮੈਗਾਵਾਟ ਦਰਜ ਕੀਤੀ ਗਈ। ਬਾਕੀ ਬਿਜਲੀ ਦੇ ਪਾੜੇ ਨੂੰ ਓਪਨ ਐਕਸਚੇਂਜ ਦੁਆਰਾ ਸੰਭਾਲਿਆ ਗਿਆ ਸੀ, ਊਰਜਾ ਮੰਤਰਾਲਾ ਨੂੰ ਡਰ ਹੈ ਕਿ ਦੇਸ਼ ‘ਚ ਫਿਰ ਤੋਂ ਕੋਲੇ ਦੀ ਕਮੀ ਹੋ ਸਕਦੀ ਹੈ। ਅਜਿਹੇ ‘ਚ ਊਰਜਾ ਮੰਤਰਾਲੇ ਨੂੰ ਤਾਪ ਬਿਜਲੀ ਘਰਾਂ ‘ਚ 24 ਮਿਲੀਅਨ ਟਨ ਕੋਲੇ ਦੀ ਕਮੀ ਦਾ ਖਦਸ਼ਾ ਹੈ।
ਸਰਕਾਰੀ ਥਰਮਲ ਪਲਾਂਟਾਂ ਵਿੱਚ ਸ਼ਾਮਲ ਰੋਪੜ ਪਲਾਂਟ ਵਿੱਚ ਕੋਲਾ 1.2 ਦਿਨ ਬਚਿਆ ਹੈ ਪਰ ਉਤਪਾਦਨ ਪੂਰਾ ਨਹੀਂ ਹੋ ਰਿਹਾ। ਇਹ ਪਲਾਂਟ 840 ਮੈਗਾਵਾਟ ਦਾ ਹੈ ਪਰ ਉਤਪਾਦਨ 300 ਮੈਗਾਵਾਟ ਹੋ ਰਿਹਾ ਹੈ। ਜਦੋਂ ਕਿ ਲਹਿਰਾ ਮੁਹੱਬਤ ਦੀ ਸਮਰੱਥਾ 920 ਮੈਗਾਵਾਟ ਹੈ। ਇੱਥੇ ਵੀ 3.1 ਦਿਨ ਦਾ ਕੋਲਾ ਬਚਿਆ ਹੈ।