ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਮੰਤਰੀ ਨੇ ਮਿਲਾਵਟਖੋਰਾਂ ਨੂੰ ਦਿੱਤੀ ਚੇਤਾਵਨੀ, ਹੋਵੇਗੀ ਸਖ਼ਤ ਕਾਰਵਾਈ

 ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਮੰਤਰੀ ਨੇ ਮਿਲਾਵਟਖੋਰਾਂ ਨੂੰ ਦਿੱਤੀ ਚੇਤਾਵਨੀ, ਹੋਵੇਗੀ ਸਖ਼ਤ ਕਾਰਵਾਈ

ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਤਿਉਹਾਰ ਆ ਰਹੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੀ ਅਲਰਟ ਹੋ ਗਈ ਹੈ। ਇਸ ਨੂੰ ਲੈ ਕੇ ਪੰਜਾਬ ਭਵਨ ਵਿੱਚ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕਰੇਗੀ।

ਮੀਟਿੰਗ ਦੌਰਾਨ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲੇ ਦੋਸ਼ੀ ਬਖਸ਼ੇ ਨਹੀਂ ਜਾਣਗੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੱਚੇ ਅਤੇ ਪੱਕ ਚੁੱਕੇ ਖਾਣੇ ਦੇ ਸੈਂਪਲ ਲੈਣ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ।

ਇਸ ਦੇ ਨਾਲ ਹੀ ਉਹਨਾਂ ਦੁੱਧ ਵਿੱਚ ਹੋ ਰਹੀ ਮਿਲਾਵਟ ਤੇ ਵਿਸ਼ੇਸ਼ ਧਿਆਨ ਦੇਣ ਤੇ ਵੀ ਜ਼ੋਰ ਦਿੱਤਾ। ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਫੂਡ ਦੀ ਟੈਸਟਿੰਗ ਅਤੇ ਸੈਂਪਲਿੰਗ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਸੂਬੇ ਦੇ ਫੂਡ ਅਫ਼ਸਰਾਂ ਨੂੰ ਬੌਡੀ-ਕੈਮ ਮੁਹੱਈਆ ਕਰਵਾਵੇਗੀ ਤਾਂ ਜੋ ਸੈਂਪਲ ਲੈਣ ਤੋਂ ਲੈ ਕੇ ਲੈਬ ਤੱਕ ਪਹੁੰਚਣ ਤੱਕ ਕਿਸੇ ਕਿਸਮ ਦੀ ਲਾਪਰਵਾਹੀ ਨਾ ਕੀਤੀ ਜਾ ਸਕੇ।

ਜੌੜਾਮਾਜਰਾ ਨੇ ਫੂਡ ਲੈਬ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਟੈਸਟ ਰਿਪੋਰਟ ਲੇਟ ਕਰਨ ਵਾਲੇ ਮੁਲਾਜ਼ਮ ਸਜ਼ਾ ਦੇ ਭਾਗੀਦਾਰਾ ਹੋਣਗੇ। ਸਿਹਤ ਮੰਤਰੀ ਨੇ ਕਿਹਾ ਕਿ ਹਰੇਕ 15 ਦਿਨਾਂ ਵਿੱਚ ਸੰਖੇਪ ਰਿਪੋਰਟ ਉਹਨਾਂ ਨੂੰ ਭੇਜੀ ਜਾਵੇ। ਸੂਬੇ ਵਿੱਚ ਟੈਸਟਿੰਗ ਲੈਬਾਂ ਦੀ ਗਿਣਤੀ ਵੀ ਵਧਾਈ ਜਾਵੇਗੀ ਅਤੇ ਸੂਬੇ ਦੇ ਲੋਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸੂਬਾ ਪੱਧਰੀ ਕੈਂਪ ਲਾਉਣ ਤੇ ਵੀ ਜ਼ੋਰ ਦਿੱਤਾ।

ਸਿਹਤ ਮੰਤਰੀ ਨੇ ਦੱਸਿਆ ਕਿ ਸ਼ੁੱਧ ਅਤੇ ਮਿਆਰੀ ਭੋਜਨ ਤਿਆਰ ਕਰਨ ਵਾਲੇ ਰੈਸਟੋਰੈਂਟਾਂ, ਢਾਬਿਆਂ, ਹੋਟਲਾਂ ਆਦਿ ਨੂੰ ਪ੍ਰਸ਼ੰਸ਼ਾ ਪੱਤਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਜਿਨ੍ਹਾਂ ਦੇ ਫੂਡ ਸੈਂਪਲ ਫੇਲ੍ਹ ਹੋਣਗੇ ਉਨ੍ਹਾਂ ਦੁਕਾਨਾਂ, ਢਾਬਿਆਂ, ਰੈਸਟੋਰੈਂਟਾਂ, ਹੋਟਲਾਂ ਆਦਿ ਦੇ ਨਾਮ ਮੀਡੀਆ ਰਾਹੀਂ ਜਨਤਕ ਕੀਤੇ ਜਾਣਗੇ। ਸਿਹਤ ਮੰਤਰੀ ਨੇ ਸੂਬੇ ਅੰਦਰ ਭੋਜਨ ਅਤੇ ਖਾਧ ਵਸਤਾਂ ਤਿਆਰ ਕਰਨ ਵਾਲੇ ਦੁਕਾਨਾਂ ਰੈਸਟੋਰੈਂਟਾਂ ਹੋਟਲਾਂ ਆਦਿ ਦੇ ਮਾਲਕਾਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਖਾਣਾ ਤਿਆਰ ਕਰਨ ਵਾਲੀ ਰਸੋਈ ਦੀ ਰੋਜ਼ਾਨਾ ਜਾਂਚ ਹੋਵੇ ਅਤੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਇਸ ਦੇ ਨਾਲ ਹੀ ਰੋਜ਼ਾਨਾ ਦੇ ਬਚੇ ਹੋਏ ਖਾਣੇ ਨੂੰ ਸਹੀ ਤਰੀਕੇ ਨਾਲ ਡਿਸਪੋਜ਼ ਆਫ ਕੀਤਾ ਜਾਵੇ। ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਕਿ ਕਿਸੇ ਵੀ ਹਾਲ ਵਿੱਚ ਸੂਬੇ ਦੇ ਸਾਰੇ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਵਿੱਚ ਦਵਾਈਆਂ ਦੀ ਕਮੀ ਨਾ ਹੋਣ ਦਿੱਤੀ ਜਾਵੇ ਅਤੇ ਇਸ ਲਈ ਦਵਾਈਆਂ ਦੀ ਅਗਾਊਂ ਖਰੀਦ ਦੇ ਪ੍ਰਬੰਧ ਵੀ ਕੀਤੇ ਜਾਣ।

ਸਿਹਤ ਮੰਤਰੀ ਜੌੜਾਮਾਜਰਾ ਨੇ ਪੁਰਾਣੀਆਂ ਹੋ ਚੁੱਕੀਆਂ ਐਕਸਰੇ ਤੇ ਅਲਟਰਾ ਸਾਊਂਡ ਮਸ਼ੀਨਾਂ ਨੂੰ ਅਪਗ੍ਰੇਡ ਕਰਨ ਦੇ ਵੀ ਹੁਕਮ ਜਾਰੀ ਕੀਤੇ ਅਤੇ ਸੂਬੇ ਅੰਦਰ ਚੱਲ ਰਹੇ ਸਾਰੇ ਐਮਆਰਆਈ ਅਤੇ ਸਿਟੀ ਸਕੈਨ ਸੈਂਟਰਾਂ ਦੇ ਦੁਆਰਾ ਕੀਤੇ ਜਾਂਦੇ ਟੈਸਟਾਂ ਦੀ ਰਿਪੋਰਟ ਵੀ ਮੰਗੀ ਗਈ।

 

Leave a Reply

Your email address will not be published.