ਤਰਨਤਾਰਨ ਦੇ ਸਰਹਾਲੀ ‘ਚ ਸੁਵਿਧਾ ਕੇਂਦਰ ‘ਚ ਹੋਇਆ ਧਮਾਕਾ, ਰਾਕੇਟ ਲਾਂਚਰ ਚੱਲਣ ਦਾ ਜਤਾਇਆ ਖਦਸ਼ਾ

ਤਰਨਤਾਰਨ ਦੇ ਸਰਹਾਲੀ ਥਾਣੇ ਵਿੱਚ ਸਥਿਤ ਸੁਵਿਧਾ ਕੇਂਦਰ ਵਿੱਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਾਕੇ ਨਾਲ ਸੁਵਿਧਾ ਕੇਂਦਰ ਦੇ ਸ਼ੀਸ਼ੇ ਟੁੱਟ ਗਏ ਹਨ। ਰਾਕੇਟ ਲਾਂਚਰ ਚੱਲਣ ਦਾ ਖਦਸ਼ਾ ਜਤਾਇਆ ਗਿਆ ਹੈ। ਐਸਐਸਪੀ ਗੁਰਮੀਤ ਚੌਹਾਨ ਮੁਤਾਬਕ ਐਫਐਸਐਲ ਦੀ ਰਿਪੋਰਟ ਤੇ ਪਤਾ ਲੱਗੇਗਾ ਕਿ ਦੇਸੀ ਪਟਾਕਾ ਹੈ ਜਾਂ ਰਾਕੇਟ ਲਾਂਚਰ।
ਇਸ ਘਟਨਾ ਵਿੱਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਦੇ ਨਾਲ ਹੀ ਅਜੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ। ਘਟਨਾ ਤੋਂ ਬਾਅਦ ਥਾਣਾ ਖੇਤਰ ਦੀ ਪੁਲਿਸ ਸਰਗਰਮ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 1 ਵਜੇ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਮੋਹਾਲੀ ਦੇ ਸੈਕਟਰ 77 ਵਿੱਚ ਵੀ ਆਰਪੀਜੀ ਤੇ ਹਮਲਾ ਹੋਇਆ ਸੀ। ਆਰਪੀਜੀ ਦਾ ਹਮਲਾ ਬਹੁਤ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦਾ ਹਮਲਾ ਵੱਡਾ ਖਤਰਾ ਪੈਦਾ ਕਰਦਾ ਹੈ। ਰਾਕੇਟ ਲਾਂਚਰ ਨੇ ਪਹਿਲਾਂ ਗੇਟ ਜਾਂ ਪਿੱਲਰ ਨੂੰ ਨਿਸ਼ਾਨਾ ਬਣਾਇਆ, ਉਸ ਤੋਂ ਬਾਅਦ ਅੰਦਰ ਆ ਗਿਆ। ਇਸ ਹਮਲੇ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਖੁਫੀਆ ਏਜੰਸੀਆਂ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ।